ਬਿਹਾਰ—ਦੇਸ਼ ਭਰ ਵਿਚ ਜਿੱਥੇ ਗਰਮੀ ਕਾਰਨ ਲੋਕ ਬੇਹਾਲ ਹੋਏ ਪਏ ਹਨ, ਉੱਥੇ ਹੀ ਬਿਹਾਰ ’ਚ ਹੜ੍ਹ ਕਾਰਨ ਲੋਕ ਪਰੇਸ਼ਾਨੀ ’ਚ ਹਨ। ਬਿਹਾਰ ’ਚ ਸਮਸਤੀਪੁਰ ਜ਼ਿਲ੍ਹੇ ਦੇ ਕਲਿਆਣਪੁਰ ਥਾਣਾ ਖੇਤਰ ਦੇ ਇਕ ਪਿੰਡ ’ਚ ਹੜ੍ਹ ਦੀ ਵਜ੍ਹਾ ਕਰ ਕੇ ਰਾਹ ਨਾ ਹੋਣ ਕਾਰਨ ਕਿਸ਼ਤੀ ’ਤੇ ਸਵਾਰ ਹੋ ਕੇ ਬਰਾਤ ਆਈ ਅਤੇ ਵਿਆਹ ਮਗਰੋਂ ਕਿਸ਼ਤੀ ’ਤੇ ਹੀ ਲਾੜੀ ਦੀ ਵਿਦਾਈ ਹੋਈ।

ਵਿਆਹ ਦੀਆਂ ਰਸਮਾਂ ਵੀ ਹੜ੍ਹ ਦੇ ਪਾਣੀ ਵਿਚ ਹੀ ਪੂਰੀਆਂ ਕੀਤੀਆਂ ਗਈਆਂ ਅਤੇ ਲਾੜੀ ਨੂੰ ਕਿਸ਼ਤੀ ’ਤੇ ਹੀ ਸਹੁਰੇ ਘਰ ਵਿਦਾ ਕੀਤਾ ਗਿਆ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਬਾਗਮਤੀ ਨਦੀ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਗੋਬਰਸਿੱਥਾ ਪਿੰਡ ਚਾਰੋਂ ਪਾਸਿਓਂ ਪਾਣੀ ਨਾਲ ਘਿਰ ਗਿਆ। ਦਰਅਸਲ ਵਾਰੀਸਨਗਰ ਦੇ ਪੂਰਨਾਹੀ ਪਿੰਡ ਤੋਂ ਲਾੜਾ ਚੰਦਨ ਕੁਮਾਰ ਦੀ ਰਾਮਸਕਲ ਰਾਮ ਦੀ ਧੀ ਕਾਜਲ ਨਾਲ ਵਿਆਹ ਹੋਣਾ ਤੈਅ ਹੋਇਆ ਸੀ। ਵਿਆਹ ਕਰਨ ਲਈ ਲਾੜਾ ਚੰਦਨ ਬੈਂਡ-ਵਾਜੇ ਨਾਲ ਬਰਾਤ ਲੈ ਕੇ ਆਇਆ ਸੀ ਪਰ ਗੋਬਰਸਿੱਥਾ ਵਿਚ ਲਾੜੀ ਦੇ ਘਰ ਤੱਕ ਜਾਣ ਲਈ ਕੋਈ ਰਾਹ ਨਹੀਂ ਸੀ, ਜਿਸ ਕਾਰਨ ਲਾੜੇ ਅਤੇ ਬਰਾਤੀਆਂ ਨੂੰ ਕਿਸ਼ਤੀ ’ਤੇ ਸਵਾਰ ਹੋ ਕੇ ਜਾਣਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਹੜ੍ਹ ਕਾਰਨ ਗੋਬਰਸਿੱਥਾ ਪਿੰਡ ਵਿਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਪਿੰਡ ਦੇ ਲੋਕਾਂ ਨੇ ਲਾੜਾ ਅਤੇ ਬਰਾਤ ਵਿਚ ਆਏ ਲੋਕਾਂ ਲਈ ਤਿੰਨ ਕਿਸ਼ਤੀਆਂ ਦੀ ਵਿਵਸਥਾ ਕੀਤੀ ਸੀ। ਹੜ੍ਹ ਦੇ ਪਾਣੀ ਵਿਚ ਹੀ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਲਾੜੀ ਨੂੰ ਲਾੜੇ ਨਾਲ ਕਿਸ਼ਤੀ ਤੋਂ ਹੀ ਸਹੁਰੇ ਘਰ ਵਿਦਾ ਕੀਤਾ ਗਿਆ।

ਤੋਹਫ਼ਾ ਨਾ ਮਿਲਣ ’ਤੇ ਕਿੰਨਰ ਨੇ 3 ਮਹੀਨੇ ਦੀ ਬੱਚੀ ਨੂੰ ਅਗਵਾ ਕਰ ਕੇ ਮਾਰ ਦਿੱਤਾ
NEXT STORY