ਭੋਪਾਲ, (ਭਾਸ਼ਾ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ 2020 ’ਚ ਭਾਜਪਾ ’ਤੇ ਵਿਧਾਇਕਾਂ ਨੂੰ ਖਰੀਦ ਕੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੂੰ ਡੇਗਣ ਦਾ ਦੋਸ਼ ਲਾਇਆ ਹੈ।
ਸੂਬੇ ਦੀ ਰਾਜਧਾਨੀ ਤੋਂ ਕਰੀਬ 55 ਕਿਲੋਮੀਟਰ ਦੂਰ ਵਿਦਿਸ਼ਾ ਵਿੱਚ ਮੰਗਲਵਾਰ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੂਬੇ ਵਿੱਚ 17 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ 150 ਦੇ ਕਰੀਬ ਸੀਟਾਂ ’ਤੇ ਜਿੱਤ ਹਾਸਲ ਕਰੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹੱਕ ਵਿੱਚ ਤੂਫ਼ਾਨ ਆਉਣ ਵਾਲਾ ਹੈ। ਪਾਰਟੀ 145 ਤੋਂ 150 ਸੀਟਾਂ ਜਿੱਤੇਗੀ। ਪੰਜ ਸਾਲ ਪਹਿਲਾਂ ਲੋਕਾਂ ਨੇ ਇੱਥੇ ਕਾਂਗਰਸ ਦੀ ਸਰਕਾਰ ਚੁਣੀ ਸੀ, ਪਰ ਭਾਜਪਾ ਨੇਤਾਵਾਂ ਨਰਿੰਦਰ ਮੋਦੀ, ਸ਼ਿਵਰਾਜ ਸਿੰਘ ਅਤੇ ਅਮਿਤ ਸ਼ਾਹ ਨੇ ਵਿਧਾਇਕਾਂ ਨੂੰ ‘ਖਰੀਦ’ ਲਿਆ ਅਤੇ ਸਾਡੀ ਸਰਕਾਰ ਡੇਗ ਦਿੱਤੀ।
ਉਨ੍ਹਾਂ ਕਿਹਾ ਕਿ ਉਸ ਵੇਲੇ ਦੀ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜੋ ਮਾਰਚ 2020 ਤੱਕ ਮੱਧ ਪ੍ਰਦੇਸ਼ ਵਿੱਚ 15 ਮਹੀਨੇ ਸੱਤਾ ’ਚ ਰਹੀ, ਨੇ 27 ਲੱਖ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕੀਤੇ ਸਨ। ਉਸ ਸਰਕਾਰ ਨੂੰ ਡੇਗ ਕੇ ਭਾਜਪਾ ਨੇ ਮਜ਼ਦੂਰਾਂ ਲਈ ਤਬਾਹੀ ਮਚਾ ਦਿੱਤੀ । ਕਿਸਾਨਾਂ, ਛੋਟੇ ਵਪਾਰੀਆਂ ਤੇ ਬੇਰੁਜ਼ਗਾਰਾਂ ਨਾਲ ਧੋਖਾ ਕੀਤਾ। ਕਾਂਗਰਸ ਨੇ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੂੰ ਨਫ਼ਰਤ ਨਾਲ ਨਹੀਂ ਸਗੋਂ ਪਿਆਰ ਨਾਲ ਸੱਤਾ ਤੋਂ ਲਾਂਭੇ ਕੀਤਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ’ਚ 40 ਫੀਸਦੀ ਕਮਿਸ਼ਨ ਨਾਲ ਸਰਕਾਰ ਚਲਾਈ। ਮੈਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਭਾਜਪਾ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਗਰੀਬਾਂ ਦੀਆਂ ਜੇਬਾਂ ਵਿੱਚੋਂ ਜੋ ਪੈਸਾ ਖੋਹਿਆ ਹੈ, ਉਹ ਵਾਪਸ ਕੀਤਾ ਜਾਏ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਨਾਟਕ ਵਿੱਚ ਕਿਸਾਨ ਕਰਜ਼ਾ ਮੁਆਫ਼ੀ ਅਤੇ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਮੇਤ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ।
ਸਰਦੀਆਂ ਲਈ ਬੰਦ ਹੋਏ ਕੇਦਾਰਨਾਥ ਦੇ ਕਿਵਾੜ, 19 ਲੱਖ ਤੋਂ ਵੱਧ ਭਗਤਾਂ ਨੇ ਕੀਤੇ ਦਰਸ਼ਨ
NEXT STORY