ਖੰਡਵਾ— ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਆਪਣੇ ਘਰਦਿਆਂ ਦੀ ਮਰਜ਼ੀ ਖ਼ਿਲਾਫ਼ ਜਾ ਕੇ ਪ੍ਰੇਮ ਵਿਆਹ ਕਰ ਰਹੀ ਸੀ। ਬੁੱਧਵਾਰ ਦੀ ਸਵੇਰ ਨੂੰ ਕੁੜੀ ਆਪਣੇ ਪ੍ਰੇਮੀ ਨਾਲ ਜ਼ਿਲ੍ਹਾ ਕੋਰਟ 'ਚ ਪ੍ਰੇਮ ਵਿਆਹ ਲਈ ਪਹੁੰਚੀ। ਦੋਹਾਂ ਦੇ ਵਿਆਹ ਲਈ ਵਕੀਲ ਕਾਗਜ਼ੀ ਕਾਰਵਾਈ ਕਰ ਰਹੇ ਸਨ ਤਾਂ ਇਸ ਦਰਮਿਆਨ ਕੁੜੀ ਦਾ ਪਰਿਵਾਰ ਉੱਥੇ ਪਹੁੰਚ ਗਿਆ। ਕੁੜੀ ਦੇ ਪਰਿਵਾਰ ਨੇ ਉੱਥੇ ਮੌਜੂਦ ਵਕੀਲ ਨੂੰ ਕਿਹਾ ਕਿ ਸਾਡੀ ਕੁੜੀ ਤਾਂ ਕੋਰੋਨਾ ਹੈ, ਇਸ ਤੋਂ ਜ਼ਰਾ ਦੂਰ ਹੀ ਰਹੋ। ਇਸ ਤੋਂ ਬਾਅਦ ਖੰਡਵਾ ਜ਼ਿਲ੍ਹਾ ਕੋਰਟ 'ਚ ਭਾਜੜਾਂ ਪੈ ਗਈਆਂ। ਇਸ ਦੇ ਨਾਲ ਹੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਿਹਤ ਮਹਿਕਮੇ ਦੇ ਹੈਲਪਲਾਈਨ ਨੰਬਰ 104 'ਤੇ ਵੀ ਸ਼ਿਕਾਇਤ ਦਿੱਤੀ। ਦਰਅਸਲ ਕੁੜੀ ਦੇ ਪਰਿਵਾਰ ਨੂੰ ਮੁੰਡਾ ਪਸੰਦ ਨਹੀਂ ਸੀ। ਅਜਿਹੇ ਵਿਚ ਉਨ੍ਹਾਂ ਨੂੰ ਕਿਸੇ ਵੀ ਕੀਮਤ ਵਿਚ ਇਹ ਵਿਆਹ ਰੋਕਣਾ ਸੀ।
ਓਧਰ ਸਥਾਨਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਰਿਵਾਰ ਵਾਲਿਆਂ ਨੇ ਸਿਹਤ ਮਹਿਕਮੇ ਨੂੰ ਕਿਹਾ ਕਿ ਕੋਰੋਨਾ ਪਾਜ਼ੇਟਿਵ ਉਨ੍ਹਾਂ ਦੀ ਧੀ ਕੋਰਟ 'ਚ ਵਿਆਹ ਲਈ ਹਲਫਨਾਮਾ ਬਣਵਾ ਰਹੀ ਹੈ। ਕੋਰੋਨਾ ਦਾ ਨਾਮ ਸੁਣਦੇ ਹੀ ਕੋਰਟ 'ਚ ਹਲਫਨਾਮਾ ਬਣਾਉਣ 'ਚ ਲੱਗੇ ਵਕੀਲ ਅਤੇ ਮੁੰਸ਼ੀ ਦੂਰ ਹੋ ਗਏ। ਵਕੀਲ ਨੇ ਕਿਹਾ ਕਿ ਪਹਿਲਾਂ ਤੁਸੀਂ ਕੋਰੋਨਾ ਦੀ ਜਾਂਚ ਕਰਵਾ ਲਓ। ਤੁਹਾਡੀ ਰਿਪੋਰਟ ਜਦੋਂ ਨੈਗੇਟਿਵ ਆ ਜਾਵੇਗੀ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ। ਅਜਿਹੀ ਸਥਿਤੀ ਵਿਚ ਅਸੀਂ ਕੁਝ ਨਹੀਂ ਕਰ ਸਕਦੇ। ਜਿਸ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਕੁੜੀ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਪੁੱਜੀ। ਜਾਂਚ ਲਈ ਉਸ ਦਾ ਕੋਰੋਨਾ ਨਮੂਨਾ ਲਿਆ ਗਿਆ, ਉਸ ਤੋਂ ਬਾਅਦ ਕੁੜੀ ਨੂੰ 14 ਦਿਨਾਂ ਲਈ ਹੋਮ ਕੁਆਰੰਟੀਨ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਅਮਲਪੁਰਾ ਇਲਾਕੇ ਦੀ 19 ਸਾਲ ਕੁੜੀ ਆਪਣੇ ਹੀ ਸਮਾਜ ਦੇ ਇਕ ਮੁੰਡੇ ਨਾਲ ਵਿਆਹ ਕਰਨ ਜਾ ਰਹੀ ਸੀ। ਉਸ ਦਾ ਕਈ ਸਾਲਾਂ ਤੋਂ ਉਸ ਨਾਲ ਪ੍ਰੇਮ ਚੱਲ ਰਿਹਾ ਸੀ ਪਰ ਪਰਿਵਾਰ ਨੂੰ ਮੁੰਡਾ ਪਸੰਦ ਨਹੀਂ ਸੀ। ਕੁੜੀ ਦੇ ਮਾਪਿਆਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ ਅਤੇ ਪ੍ਰੇਮੀ ਨਾਲ ਕੋਰਟ ਪੁੱਜ ਗਈ। ਕੁੜੀ ਦੇ ਪਰਿਵਾਰ ਨੇ ਇਸ ਵਿਆਹ ਨੂੰ ਰੋਕਣ ਲਈ ਕੋਰੋਨਾ ਨੂੰ ਢਾਲ ਬਣਾਇਆ। ਇਸ ਦੌਰਾਨ ਕੁੜੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਮੇਰੇ ਪਿਆਰ ਨੂੰ ਨਹੀਂ ਹਰਾ ਸਕਦੀ। ਹੁਣ ਨਹੀਂ ਤਾਂ ਬਾਅਦ ਵਿਚ ਅਸੀਂ ਇਕ-ਦੂਜੇ ਦੇ ਹੋਵਾਂਗੇ।
ਰਾਜਸਥਾਨ 'ਚ 32 ਹਜ਼ਾਰ ਦੇ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 588 ਲੋਕਾਂ ਦੀ ਗਈ ਜਾਨ
NEXT STORY