ਨਵੀਂ ਦਿੱਲੀ— ਸੀ.ਬੀ.ਆਈ. ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਜਾਂਚ ਬਿਊਰੋ ਦਾ ਕਹਿਣਾ ਹੈ ਕਿ ਉਹ ਚੋਣਾਂ ਦੇ ਮੱਦੇਨਜ਼ਰ ਸਿਆਸੀ ਗਤੀਵਿਧੀਆਂ 'ਚ ਸ਼ਾਮਲ ਹੋ ਕੇ ਜ਼ਮਾਨਤ ਦੀ ਗਲਤ ਵਰਤੋਂ ਕਰ ਸਕਦੇ ਹਨ। ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਇਸ ਸਮੇਂ ਚਾਰਾ ਘਪਲਾ ਮਾਮਲੇ 'ਚ ਰਾਂਚੀ ਸਥਿਤੀ ਬਿਰਸਾ ਮੁੰਡਾ ਕੇਂਦਰੀ ਜੇਲ 'ਚ ਸਜ਼ਾ ਕੱਟ ਰਹੇ ਹਨ। ਸੀ.ਬੀ.ਆਈ. ਨੇ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਤੋਂ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਜਵਾਬ ਦਾਖਲ ਕਰਨ ਦੀ ਮਨਜ਼ੂਰੀ ਮੰਗੀ ਸੀ। ਜਾਂਚ ਬਿਊਰੋ ਨੇ ਕਿਹਾ ਕਿ ਰਾਜਦ ਮੁਖੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਤੀਵਿਧੀਆਂ 'ਚ ਸ਼ਾਮਲ ਹੋ ਸਕਦੇ ਹਨ ਅਤੇ ਆਪਣੀ ਜ਼ਮਾਨਤ ਦੀ ਗਲਤ ਵਰਤੋਂ ਕਰ ਸਕਦੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਉਂਝ ਵੀ ਲਾਲੂ ਪ੍ਰਸਾਦ ਯਾਦਵ 8 ਮਹੀਨਿਆਂ ਤੋਂ ਵਧ ਸਮੇਂ ਤੋਂ ਹਸਪਤਾਲ ਦੇ ਵਾਰਡ 'ਚ ਹਨ ਅਤੇ ਸਿਆਸੀ ਗਤੀਵਿਧੀਆਂ 'ਚ ਸ਼ਾਮਲ ਹੋ ਰਹੇ ਹਨ।
ਜ਼ਮਾਨਤ ਪਾਉਣ ਲਈ ਹੋ ਗਏ ਹਨ ਸਿਹਤਮੰਦ
ਸੀ.ਬੀ.ਆਈ. ਨੇ ਆਪਣੇ ਜਵਾਬ 'ਚ ਕਿਹਾ,''ਪਟੀਸ਼ਨਕਰਤਾ (ਯਾਦਵ) ਜਿਸ ਮਿਆਦ 'ਚ ਹਸਪਤਾਲ 'ਚ ਰਹੇ ਹਨ, ਉਨ੍ਹਾਂ ਨੂੰ ਨਾ ਸਿਰਫ ਸਾਰੀਆਂ ਸਹੂਲਤਾਂ ਨਾਲ ਯੁਕਤ ਵਿਸ਼ੇਸ਼ ਵਾਰਡ ਦੀ ਮਨਜ਼ੂਰੀ ਦਿੱਤੀ ਗਈ ਸਗੋਂ ਉਹ ਉੱਥੋਂ ਆਭਾਸੀ ਤਰੀਕੇ ਨਾਲ ਆਪਣੀਆਂ ਸਿਆਸੀ ਗਤੀਵਿਧੀਆਂ ਚੱਲਾ ਰਹੇ ਹਨ। ਇਹ ਉਨ੍ਹਾਂ ਦੇ ਮੁਲਾਕਾਤੀਆਂ ਦੀ ਸੂਚੀ ਤੋਂ ਸਪੱਸ਼ਟ ਹੈ।'' ਏਜੰਸੀ ਨੇ ਕਿਹਾ ਕਿ ਯਾਦਵ ਦਾਅਵਾ ਕਰਦੇ ਹਨ ਕਿ ਉਹ ਇੰਨੇ ਬੀਮਾਰ ਹਨ ਕਿ ਜੇਲ 'ਚ ਨਹੀਂ ਰਹਿ ਸਕਦੇ ਪਰ ਅਚਾਨਕ ਉਹ ਜ਼ਮਾਨਤ ਪਾਉਣ ਲਈ ਸਿਹਤਮੰਦ ਹੋ ਗਏ ਹਨ। ਰਾਂਚੀ 'ਚ ਬਿਰਸਾ ਮੁੰਡਾ ਕੇਂਦਰੀ ਜੇਲ 'ਚ ਬੰਦ ਰਾਜਦ ਸੁਪਰੀਮੋ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਝਾਰਖੰਡ ਹਾਈ ਕੋਰਟ ਦੇ 10 ਜਨਵਰੀ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਲਾਲੂ ਪ੍ਰਸਾਦ ਨੂੰ 900 ਕਰੋੜ ਰੁਪਏ ਤੋਂ ਵਧ ਦੇ ਚਾਰਾ ਘਪਲੇ ਨਾਲ ਸੰਬੰਧਤ ਤਿੰਨ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਜਾ ਚੁਕਿਆ ਹੈ। ਇਹ ਮਾਮਲੇ 1990 ਦੇ ਦਹਾਕੇ 'ਚ, ਜਦੋਂ ਝਾਰਖੰਡ ਬਿਹਾਰ ਦਾ ਹਿੱਸਾ ਸੀ, ਧੋਖੇ ਨਾਲ ਪਸ਼ੂ ਪਾਲਣ ਵਿਭਾਗ ਦੇ ਖਜ਼ਾਨੇ ਤੋਂ ਧਨ ਕੱਢਣ ਨਾਲ ਸੰਬੰਧਤ ਹਨ।
ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 505ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY