ਨਵੀਂ ਦਿੱਲੀ (ਭਾਸ਼ਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫ਼ਤਾਰ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਨੇ ‘ਕਬੂਲ’ ਕੀਤਾ ਹੈ ਕਿ ਸਰਹੱਦੀ ਸੂਬੇ ਵਿਚ ਬਾਲੂ ਮਾਈਨਿੰਗ ਨਾਲ ਜੁੜੀਆਂ ਕਾਰਵਾਈਆਂ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਜਾਂ ਤਬਾਦਲਿਆਂ ਵਿਚ ਮਦਦ ਕਰਨ ਦੇ ਬਦਲੇ ਉਸ ਨੂੰ 10 ਕਰੋੜ ਰੁਪਏ ਨਕਦ ਪ੍ਰਾਪਤ ਹੋਏ ਸਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਦਾਅਵਾ ਕੀਤਾ। ਕੇਂਦਰੀ ਜਾਂਚ ਏਜੰਸੀ ਨੇ ਪੰਜਾਬ ਵਿਚ ਕਥਿਤ ਨਾਜਾਇਜ਼ ਬਾਲੂ ਮਾਈਨਿੰਗ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ਵਿਚ ਹਨੀ ਨੂੰ 3 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀ ਨੇ 18 ਜਨਵਰੀ ਨੂੰ ਹਨੀ ਅਤੇ ਹੋਰਨਾਂ ਖਿਲਾਫ ਛਾਪੇਮਾਰੀ ਦੀ ਕਾਰਵਾਈ ਕੀਤੀ ਸੀ। ਇਸ ਦੌਰਾਨ ਹਨੀ ਦੇ ਟਿਕਾਣੇ ਤੋਂ ਲਗਭਗ 7.9 ਕਰੋੜ ਰੁਪਏ, ਜਦਕਿ ਉਸ ਨਾਲ ਜੁੜੇ ਸੰਦੀਪ ਕੁਮਾਰ ਨਾਮਕ ਵਿਅਕਤੀ ਦੇ ਕੰਪਲੈਕਸ ਤੋਂ ਲਗਭਗ 2 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ। ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦਾ ਈ.ਡੀ. ਰਿਮਾਂਡ ਅੱਜ ਯਾਨੀ ਮੰਗਲਵਾਰ ਖ਼ਤਮ ਹੋਵੇਗਾ। ਰਿਮਾਂਡ ਮੁੜ ਹਾਸਲ ਕਰਨ ਲਈ ਈ.ਡੀ. ਜਲੰਧਰ ਕੋਰਟ ਵਿਚ ਹਨੀ ਨੂੰ ਪੇਸ਼ ਕਰੇਗੀ। ਸੂਤਰਾਂ ਮੁਤਾਬਕ ਹਨੀ ਨੇ ਈ.ਡੀ. ਸਾਹਮਣੇ ਕਬੂਲਿਆ ਕਿ 10 ਕਰੋੜ ਰੁਪਏ ਉਸ ਦੇ ਹਨ। ਇਸ ਨੂੰ ਆਧਾਰ ਬਣਾ ਕੇ ਈ.ਡੀ. ਰਿਮਾਂਡ ਹਾਸਲ ਕਰ ਸਕਦੀ ਹੈ।
ਇਹ ਵੀ ਪੜ੍ਹੋ : 'ਹਨੀ' ਦੀ ਗ੍ਰਿਫ਼ਤਾਰੀ 'ਤੇ ਮਜੀਠੀਆ ਦਾ ਵੱਡਾ ਬਿਆਨ,ਕਿਹਾ: ਮਨੀ-ਹਨੀ ਮਗਰੋਂ ਹੁਣ ਚੰਨੀ ਦੀ ਵਾਰੀ
ਈ. ਡੀ. ਨੇ ਆਪਣੇ ਬਿਆਨ ਵਿਚ ਕਿਹਾ ਕਿ ਛਾਪੇਮਾਰੀ ਦੌਰਾਨ ਉਸ ਨੇ ਕੁਦਰਤਦੀਪ ਸਿੰਘ, ਭੁਪਿੰਦਰ ਸਿੰਘ (ਹਨੀ), ਹਨੀ ਦੇ ਪਿਤਾ ਸੰਤੋਖ ਸਿੰਘ ਅਤੇ ਸੰਦੀਪ ਕੁਮਾਰ ਦੇ ਬਿਆਨ ਦਰਜ ਕੀਤੇ ਅਤੇ ਇਨ੍ਹਾਂ ਬਿਆਨਾਂ ਨਾਲ ਇਹ ‘ਸਥਾਪਤ’ ਹੋਇਆ ਹੈ ਕਿ 10 ਕਰੋੜ ਰੁਪਏ ਦੀ ਜ਼ਬਤ ਰਾਸ਼ੀ ਭੁਪਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਦੀ ਸੀ। ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਭੁਪਿੰਦਰ ਸਿੰਘ ਨੇ ਕਬੂਲਿਆ ਹੈ ਕਿ ਉਸ ਨੂੰ ਬਾਲੂ ਮਾਈਨਿੰਗ ਨਾਲ ਜੁੜੀਆਂ ਸਰਗਰਮੀਆਂ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ ਵਿਚ ਮਦਦ ਕਰਨ ਦੇ ਬਦਲੇ ਜ਼ਬਤ ਕੀਤੀ ਗਈ ਰਾਸ਼ੀ ਮਿਲੀ ਸੀ। ਈ. ਡੀ. ਨੇ ਕਿਹਾ ਕਿ ਹਨੀ ਨੂੰ ਕੁਝ ਦਸਵਾਵੇਜ਼ਾਂ ਦੇ ਨਾਲ 3 ਫਰਵਰੀ ਨੂੰ ਏਜੰਸੀ ਦੇ ਸਾਹਮਣੇ ਨਿੱਜੀ ਰੂਪ ਨਾਲ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਜਾਂਚ ਏਜੰਸੀ ਮੁਤਾਬਕ ਹਨੀ ਹਾਜ਼ਰ ਹੋਇਆ ਅਤੇ ਆਪਣਾ ਬਿਆਨ ਦਿੱਤਾ, ਜਿਸ ਵਿਚ ਉਸ ਨੇ ਹੋਰਨਾਂ ਗੱਲਾਂ ਦੇ ਨਾਲ-ਨਾਲ ਕਿਹਾ ਕਿ ਉਹ ਮਾਈਨਿੰਗ ਸੰਬੰਧੀ ਕਾਰਵਾਈਆਂ ਵਿਚ ਸ਼ਾਮਲ ਹੈ ਪਰ ਦੋਸ਼ ਸਾਬਤ ਕਰਨ ਵਾਲਾ ਡਾਟਾ ਸਾਹਮਣੇ ਰੱਖੇ ਜਾਣ ’ਤੇ ਟਾਲਮਟੋਲ ਕਰਨ ਲੱਗਾ।
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰਾਹੁਲ ਨੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
NEXT STORY