ਨਵੀਂ ਦਿੱਲੀ– ਅੰਡਰਵਰਲਡ ਦੇ ਖਤਰਨਾਕ ਗੈਂਗਸਟਰ ਛੋਟਾ ਰਾਜਨ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਉਸ ਨੂੰ ਮੰਗਲਵਾਰ ਨੂੰ ਏਮਜ਼ ਤੋਂ ਵਾਪਸ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ। ਛੋਟਾ ਰਾਜਨ ਨੂੰ ਤਿਹਾੜ ਦੀ ਜੇਲ੍ਹ ਨੰਬਰ 2 ’ਚ ਸਖ਼ਤ ਸੁਰੱਖਿਆ ਘੇਰੇ ’ਚ ਰੱਖਿਆ ਗਿਆ ਹੈ। ਕੋਰੋਨਾ ਹੋਣ ’ਤੇ ਰਾਜਨ ਦਾ 22 ਅਪ੍ਰੈਲ ਤੋਂ ਜੇਲ੍ਹ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਹਾਲਤ ਵਿਗੜਨ ’ਤੇ ਉਸ ਨੂੰ 25 ਅਪ੍ਰੈਲ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ’ਚ ਦਾਖ਼ਲ ਕਰਾਇਆ ਗਿਆ ਸੀ।
ਇਸ ਤੋਂ ਪਹਿਲਾਂ 7 ਮਈ ਨੂੰ ਛੋਟਾ ਰਾਜਨ ਦੀ ਮੌਤ ਦੀ ਅਫ਼ਵਾਹ ਉਡੀ ਸੀ। ਇਸ ਤੋਂ ਬਾਅਦ ਉਸੇ ਦਿਨ ਏਮਜ਼ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਉਹ ਨਾ ਸਿਰਫ਼ ਜ਼ਿੰਦਾ ਹੈ, ਸਗੋਂ ਠੀਕ ਵੀ ਹੋ ਰਿਹਾ ਹੈ। ਮੌਤ ਦੀ ਅਫ਼ਵਾਹ ਉਡਣ ਦੇ 4 ਦਿਨਾਂ ਬਾਅਦ ਹੁਣ ਛੋਟਾ ਰਾਜਨ ਕੋਰੋਨਾ ਤੋਂ ਜੰਗ ਜਿੱਤ ਕੇ ਵਾਪਸ ਤਿਹਾੜ ਜੇਲ੍ਹ ਚਲਾ ਗਿਆ ਹੈ।
ਨਾਇਰ ਗੈਂਗ ਤੋਂ ਸ਼ੁਰੂ ਹੋਇਆ ਅਪਰਾਧਿਕ ਸਫ਼ਰ
ਛੋਟਾ ਰਾਜਨ ਦਾ ਅਸਲੀ ਨਾਂ ਰਜਿੰਦਰ ਸਦਾਸ਼ਿਵ ਨਿਖਲਜੇ ਸੀ। ਉਸ ਦਾ ਜਨਮ ਮੁੰਬਈ ਦੇ ਚੇਂਬੂਰ ਇਲਾਕੇ ਦੀ ਤਿਲਕ ਨਗਰ ਬਸਤੀ ’ਚ ਹੋਇਆ ਸੀ। ਸਕੂਲ ਛੱਡਣ ਤੋਂ ਬਾਅਦ ਛੋਟਾ ਰਾਜਨ ਮੁੰਬਈ ’ਚ ਫਿਲਮ ਟਿਕਟ ਬਲੈਕ ਕਰਨ ਲੱਗਾ। ਇਸ ਵਿਚਕਾਰ ਉਹ ਰਾਜਨ ਨਾਇਰ ਗੈਂਗ ’ਚ ਸ਼ਾਮਲ ਹੋ ਗਿਆ। ਅੰਡਰਵਰਲਡ ਦੀ ਦੁਨੀਆ ’ਚ ਨਾਇਰ ਨੂੰ ‘ਵੱਡਾ ਰਾਜਨ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਸਮੇਂ ਦੇ ਨਾਲ ਰਜਿੰਦਰ (ਛੋਟਾ ਰਾਜਨ) ਵੱਡਾ ਰਾਜਨ ਦਾ ਕਰੀਬੀ ਬਣ ਗਿਆ। ਵੱਡਾ ਰਾਜਨ ਦੀ ਮੌਤ ਤੋਂ ਬਾਅਦ ਗੈਂਗ ਦਾ ਸਰਗਨਾ ਰਜਿੰਦਰ (ਛੋਟਾ ਰਾਜਨ) ਬਣ ਗਿਆ। ਛੋਟਾ ਰਾਜਨ ਜਦੋਂ ਫਰਾਰ ਸੀ, ਉਦੋਂ ਉਸ ’ਤੇ ਭਾਰਤ ’ਚ 70 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਸਨ। ਇਹ ਮਾਮਲੇ ਨਾਜਾਇਜ਼ ਵਸੂਲੀ, ਧਮਕੀ, ਕੁੱਟ-ਮਾਰ ਅਤੇ ਕਤਲ ਦੀ ਕੋਸ਼ਿਸ਼ ਦੇ ਸਨ। ਉਸ ’ਤੇ 20 ਤੋਂ ਜ਼ਿਆਦਾ ਲੋਕਾਂ ਦੇ ਕਤਲ ਦਾ ਦੋਸ਼ ਲੱਗਾ। ਉਹ ਪੱਤਰਕਾਰ ਜਯੋਤੀਰਮਯ ਡੇਅ ਦੇ ਕਤਲ ’ਚ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।
ਦਾਊਦ ਦੀ ਦੋਸਤੀ ਨੇ ਵਧਾਈ ਤਾਕਤ, 1993 ਬਲਾਸਟ ਤੋਂ ਬਾਅਦ ਪਈ ਦੁਸ਼ਮਣੀ
ਰਾਜਨ ਨਾਇਰ ਗੈਂਗ ’ਚ ਕੰਮ ਕਰਦੇ ਹੋਏ ਉਸ ਨੂੰ ਛੋਟਾ ਰਾਜਨ ਬੁਲਾਇਆ ਜਾਣ ਲੱਗਾ। ਇਸੇ ਦੌਰਾਨ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਉਸ ਦੀ ਜਾਣ-ਪਛਾਣ ਹੋਈ। ਦਾਊਦ ਦੇ ਨਾਲ ਆਉਣ ਤੋਂ ਬਾਅਦ ਉਸ ਦਾ ਅਪਰਾਧਿਕ ਗ੍ਰਾਫ ਵਧ ਗਿਆ ਸੀ। ਦੋਵੇਂ ਇਕੱਠੇ ਮਿਲ ਕੇ ਮੁੰਬਈ ’ਚ ਵਸੂਲੀ, ਕਤਲ, ਸਮਗਲਿੰਗ ਵਰਗੇ ਕੰਮ ਕਰਨ ਲੱਗੇ। 1988 ’ਚ ਰਾਜਨ ਦੁਬਈ ਚਲਾ ਗਿਆ।
ਇਸ ਤੋਂ ਬਾਅਦ ਦਾਊਦ ਅਤੇ ਰਾਜਨ ਦੁਨੀਆ ਭਰ ’ਚ ਗੈਰ-ਕਾਨੂੰਨੀ ਕੰਮ ਕਰਨ ਲੱਗੇ ਪਰ ਬਾਬਰੀ ਕਾਂਡ ਤੋਂ ਬਾਅਦ 1993 ’ਚ ਜਦੋਂ ਮੁੰਬਈ ’ਚ ਸੀਰੀਅਲ ਬੰਬ ਬਲਾਸਟ ਹੋਏ ਤਾਂ ਰਾਜਨ ਨੇ ਆਪਣਾ ਰਸਤਾ ਵੱਖ ਕਰ ਲਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਇਸ ਕਾਂਡ ’ਚ ਦਾਊਦ ਦਾ ਹੱਥ ਹੈ ਤਾਂ ਉਹ ਉਸ ਦਾ ਦੁਸ਼ਮਣ ਬਣ ਗਿਆ। ਉਸ ਨੇ ਖੁਦ ਨੂੰ ਦਾਊਦ ਤੋਂ ਵੱਖ ਕਰਕੇ ਨਵੀਂ ਗੈਂਗ ਬਣਾ ਲਈ। 27 ਸਾਲ ਫਰਾਰ ਰਹਿਣ ਤੋਂ ਬਾਅਦ ਛੋਟਾ ਰਾਜਨ ਨੂੰ ਨਵੰਬਰ 2015 ’ਚ ਇੰਡੋਨੇਸ਼ੀਆ ਤੋਂ ਭਾਰਤ ਲਿਆਇਆ ਗਿਆ ਸੀ।
ਕੋਰੋਨਾ ਆਫ਼ਤ: ਦੇਸ਼ ’ਚ ਇਕ ਦਿਨ ’ਚ ਰਿਕਾਰਡ 4205 ਮੌਤਾਂ, 3.48 ਲੱਖ ਨਵੇਂ ਮਾਮਲੇ ਆਏ
NEXT STORY