ਨਵੀਂ ਦਿੱਲੀ— ਅੱਜ ਯਾਨੀ ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਆਪਣਾ 134ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਹੈੱਡ ਕੁਆਰਟਰ 'ਤੇ ਝੰਡਾ ਲਹਿਰਾਇਆ। ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪਾਰਟੀ ਦੇ ਦਿੱਗਜ ਨੇਤਾ ਅਸ਼ੋਕ ਗਹਿਲੋਤ, ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਏ.ਕੇ. ਐਂਟਨੀ, ਗੁਲਾਮ ਨਬੀ ਆਜ਼ਾਦ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਿੱਲੀ ਸਥਿਤ ਪਾਰਟੀ ਹੈੱਡ ਕੁਆਰਟਰ ਮੌਜੂਦ ਰਹੇ। ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਨੇ ਇਸ ਮੌਕੇ ਕੇਕ ਵੀ ਕੱਟਿਆ।
ਜ਼ਿਕਰਯੋਗ ਹੈ ਕਿ ਕਾਂਗਰਸ ਦੀ ਸਥਾਪਨਾ ਬ੍ਰਿਟਿਸ਼ ਰਾਜ 'ਚ 1885 'ਚ ਹੋਈ ਸੀ। 1947 'ਚ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਉਸ ਤੋਂ ਬਾਅਦ ਕਾਂਗਰਸ ਦੇਸ਼ ਦੀ ਪਹਿਲੀ ਵੱਡੀ ਸਿਆਸੀ ਪਾਰਟੀ ਬਣੀ।
ਆਜ਼ਾਦੀ ਤੋਂ ਲੈ ਕੇ 2016 ਤੱਕ ਹੋਈਆਂ 16 ਆਮ ਚੋਣਾਂ 'ਚੋਂ ਕਾਂਗਰਸ ਨੇ 6 'ਚ ਪੂਰਨ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ 4 ਵਾਰ ਕਾਂਗਰਸ ਦੀ ਅਗਵਾਈ 'ਚ ਕੇਂਦਰ 'ਚ ਗਠਜੋੜ ਦੀਆਂ ਸਰਕਾਰਾਂ ਵੀ ਬਣੀਆਂ। ਅਜੇ ਤੱਕ ਦੇਸ਼ ਦੇ 7 ਪ੍ਰਧਾਨ ਮੰਤਰੀ ਕਾਂਗਰਸ ਵੱਲੋਂ ਹੋ ਚੁਕੇ ਹਨ। ਇਨ੍ਹਾਂ 'ਚ ਸਭ ਤੋਂ ਪਹਿਲਾ ਨੰਬਰ ਜਵਾਹਰ ਲਾਲ ਨਹਿਰੂ ਦਾ ਸੀ ਅਤੇ ਹਾਲ ਹੀ 'ਚ ਮਨਮੋਹਨ ਸਿੰਘ ਸਨ। 2014 ਦੀਆਂ ਆਮ ਚੋਣਾਂ ਕਾਂਗਰਸ ਦੇ ਲਿਹਾਜ ਨਾਲ ਸਭ ਤੋਂ ਬੁਰੀਆਂ ਚੋਣਾਂ ਸਨ। ਕਾਂਗਰਸ ਸਿਰਫ 44 ਸੀਟਾਂ 'ਤੇ ਹੀ ਸਿਮਟ ਗਈ ਸੀ, ਦੇਸ਼ 'ਚ ਚੱਲੀ ਮੋਦੀ ਲਹਿਰ ਦੀ ਅਗਵਾਈ 'ਚ ਭਾਰਤੀ ਜਨਤਾ ਪਾਟਰੀ ਨੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ। 2014 ਦੇ ਬਾਅਦ ਤੋਂ ਹੀ ਲਗਾਤਾਰ ਕਾਂਗਰਸ ਰਾਜਾਂ 'ਚ ਵੀ ਹਾਰਦੀ ਰਹੀ ਪਰ ਪਹਿਲਾਂ ਪੰਜਾਬ, ਫਿਰ ਕਰਨਾਟਕ ਅਤੇ ਹੁਣ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਜਿੱਤ ਦਰਜ ਕਰ ਕੇ ਪਾਰਟੀ ਜੋਸ਼ 'ਚ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਜਾਣ ਤੋਂ ਪਹਿਲਾਂ ਕਾਂਗਰਸ ਪੂਰੀ ਤਰ੍ਹਾਂ ਨਾਲ ਹਮਲਾਵਰ ਹੈ, ਰਾਹੁਲ ਗਾਂਧੀ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪਾਰਟੀ ਦਾ ਹਮਲਾ ਕਰਨਾ ਜਾਰੀ ਹੈ।
J&K-ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁਕਾਬਲਾ, 1 ਅੱਤਵਾਦੀ ਢੇਰ
NEXT STORY