ਜੈਪੁਰ : ਰਾਜਸਥਾਨ ਦੇ ਪਾਲੀ ਜ਼ਿਲ੍ਹੇ 'ਚ ਅਣਪਛਾਤੇ ਬਦਮਾਸ਼ਾਂ ਨੇ ਰੇਲ ਪਟੜੀ 'ਤੇ ਸੀਮਿੰਟ ਦਾ 'ਬਲਾਕ' ਰੱਖ ਦਿੱਤਾ ਜੋ ਅਹਿਮਦਾਬਾਦ-ਜੋਧਪੁਰ ਵੰਦੇ ਭਾਰਤ ਟਰੇਨ ਨਾਲ ਟਕਰਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਸ ਹਾਦਸੇ 'ਚ ਕੋਈ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਟਰੈਕ 'ਤੇ ਰੱਖਿਆ ਸੀਮਿੰਟ ਦਾ 'ਬਲਾਕ' ਵੰਦੇ ਭਾਰਤ ਟਰੇਨ ਦੇ ਕੈਟਲ ਗਾਰਡ ਨਾਲ ਟਕਰਾ ਗਿਆ। ਇਸ ਤੋਂ ਬਾਅਦ ਟਰੇਨ ਦੇ ਲੋਕੋ ਪਾਇਲਟ ਨੇ ਟਰੇਨ ਨੂੰ ਰੋਕ ਦਿੱਤਾ।
ਸੁਮੇਰਪੁਰ ਥਾਣੇ ਦੇ ਸਹਾਇਕ ਥਾਣੇਦਾਰ ਸ਼ਿਆਮ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਸੁਮੇਰਪੁਰ ਥਾਣੇ ਦੇ ਜਵਾਈ ਅਤੇ ਬਿਰੋਲੀਆ ਵਿਚਕਾਰ ਵਾਪਰੀ। ਇਸ ਘਟਨਾ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫੁੱਟਪਾਥ ਬਣਾਉਣ ਲਈ ਵਰਤੇ ਜਾਂਦੇ ਸੀਮਿੰਟ ਦੇ ਬਲਾਕ ਦੇ ਟੁਕੜੇ ਟਰੈਕ 'ਤੇ ਪਾਏ ਗਏ ਹਨ। ਉੱਤਰ-ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਇਸ ਘਟਨਾ ਕਾਰਨ ਰੇਲਗੱਡੀ ਅੱਠ ਮਿੰਟ ਲਈ ਰੁਕੀ ਰਹੀ। ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਉਨ੍ਹਾਂ ਦੱਸਿਆ ਕਿ ਟ੍ਰੈਕ ਦੀ ਜਾਂਚ ਅਤੇ ਸਫਾਈ ਕਰਨ ਤੋਂ ਬਾਅਦ ਟਰੇਨ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ। ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮਦਨ ਰਾਠੌੜ ਨੇ ਇਸ ਘਟਨਾ ਵਿੱਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਕ ਬਿਆਨ ਅਨੁਸਾਰ ਰਾਠੌਰ ਨੇ ਜੋਧਪੁਰ ਅਤੇ ਅਜਮੇਰ ਰੇਲਵੇ ਡਵੀਜ਼ਨ ਦੇ ਉੱਚ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਰੇਲਵੇ ਪਟੜੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਠੋਸ ਪ੍ਰਬੰਧ ਕਰਨ ਲਈ ਕਿਹਾ।
ਬਰਡ ਫਲੂ ਦਾ ਖ਼ਤਰਾ : ਓਡੀਸ਼ਾ ਸਰਕਾਰ ਨੇ 11,700 ਮੁਰਗੀਆਂ ਨੂੰ ਮਾਰਿਆ, ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ
NEXT STORY