ਨੈਸ਼ਨਲ ਡੈਸਕ : ਬਨਾਰਸ ਰੇਲ ਇੰਜਣ ਕਾਰਖਾਨੇ (ਬਰੇਕਾ) ਨੇ 79ਵੇਂ ਆਜ਼ਾਦੀ ਦਿਵਸ 'ਤੇ ਇਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਜਨਰਲ ਮੈਨੇਜਰ ਨਰੇਸ਼ ਪਾਲ ਸਿੰਘ ਦੀ ਅਗਵਾਈ ਹੇਠ ਬਰੇਕਾ ਨੇ ਭਾਰਤ ਵਿੱਚ ਪਹਿਲੀ ਵਾਰ ਸਰਗਰਮ ਰੇਲ ਪਟੜੀਆਂ ਦੇ ਦਰਮਿਆਨ ਹਟਾਏ ਜਾ ਸਕਣ ਵਾਲੇ ਸੌਰ ਪੈਨਲ ਸਿਸਟਮ ਦੀ ਸਥਾਪਨਾ ਕੀਤੀ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਜਨਰਲ ਮੈਨੇਜਰ ਨੇ ਰਿਬਨ ਕੱਟ ਕੇ ਕੀਤਾ। ਇਸ ਦੌਰਾਨ ਮੁੱਖ ਬਿਜਲੀ ਸੇਵਾ ਇੰਜੀਨੀਅਰ ਭਾਰਦਵਾਜ ਚੌਧਰੀ ਅਤੇ ਟੀਮ ਦੀ ਖ਼ਾਸ ਸਰਾਹਨਾ ਕੀਤੀ ਗਈ।
ਇਹ ਪਾਇਲਟ ਪ੍ਰੋਜੈਕਟ ਬਰੇਕਾ ਵਰਕਸ਼ਾਪ ਦੀ ਲਾਈਨ ਨੰਬਰ 19 'ਤੇ ਲਾਗੂ ਕੀਤਾ ਗਿਆ ਹੈ। ਇਸ ਵਿੱਚ ਸਵਦੇਸੀ ਡਿਜ਼ਾਇਨ ਰਾਹੀਂ ਪਟੜੀਆਂ ਵਿਚਕਾਰ ਸੌਰ ਪੈਨਲ ਲਗਾਏ ਗਏ ਹਨ ਜੋ ਟ੍ਰੇਨਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੰਮ ਕਰਦੇ ਹਨ ਅਤੇ ਲੋੜ ਪੈਣ 'ਤੇ ਆਸਾਨੀ ਨਾਲ ਹਟਾਏ ਵੀ ਜਾ ਸਕਦੇ ਹਨ।
ਟ੍ਰੈਕ ਦੀ ਲੰਬਾਈ 70 ਮੀਟਰ ਹੈ, ਜਿਸ ਦੀ ਸਮਰੱਥਾ 15 KWp ਹੈ ਅਤੇ ਇਸ ਵਿੱਚ 28 ਪੈਨਲ ਲਗਾਏ ਗਏ ਹਨ। ਇਹ ਪ੍ਰਣਾਲੀ ਪ੍ਰਤੀ ਕਿਲੋਮੀਟਰ 220 KWp ਦੀ ਪਾਵਰ ਡੈਂਸਿਟੀ ਅਤੇ 880 ਯੂਨਿਟ ਪ੍ਰਤੀ ਕਿਮੀ ਪ੍ਰਤੀ ਦਿਨ ਦੀ ਊਰਜਾ ਘਣਤਾ ਪ੍ਰਦਾਨ ਕਰਦੀ ਹੈ। ਪੈਨਲਾਂ ਦਾ ਆਕਾਰ 2278×1133×30 ਮਿਮੀ ਹੈ ਅਤੇ ਭਾਰ 31.83 ਕਿਲੋ ਹੈ। ਇਹ ਅਧੁਨਿਕ ਹਾਫ ਕਟ ਮੋਨੋ ਕ੍ਰਿਸਟਲਾਈਨ PERC ਬਾਈਫੇਸ਼ਲ ਸੈਲਾਂ 'ਤੇ ਆਧਾਰਿਤ ਹਨ ਜਿਨ੍ਹਾਂ ਦੀ ਮਾਡਿਊਲ ਦੱਖਲਤਾ 21.31% ਹੈ।
ਟ੍ਰੇਨਾਂ ਤੋਂ ਪੈਦਾ ਹੋਣ ਵਾਲੀ ਕੰਪਨ ਨੂੰ ਘਟਾਉਣ ਲਈ ਰਬਰ ਮਾਊਂਟਿੰਗ ਪੈਡ ਵਰਤੇ ਗਏ ਹਨ, ਜਦਕਿ ਮਜ਼ਬੂਤੀ ਲਈ ਪੈਨਲਾਂ ਨੂੰ ਐਪੌਕਸੀ ਐਡਹੇਸਿਵ ਨਾਲ ਕਂਕਰੀਟ ਸਲੀਪਰਾਂ 'ਤੇ ਚਿਪਕਾਇਆ ਗਿਆ ਹੈ। ਸਫਾਈ ਲਈ ਆਸਾਨ ਪ੍ਰਣਾਲੀ ਬਣਾਈ ਗਈ ਹੈ ਅਤੇ ਰੇਲਵੇ ਦੇ ਮੁਰੰਮਤ ਕਾਰਜ ਦੌਰਾਨ ਪੈਨਲਾਂ ਨੂੰ ਸਿਰਫ਼ ਚਾਰ ਸਟੀਲ ਐਲਨ ਬੋਲਟਾਂ ਨਾਲ ਹਟਾਇਆ ਜਾ ਸਕਦਾ ਹੈ।
ਭਾਰਤੀ ਰੇਲਵੇ ਦੇ 1.2 ਲੱਖ ਕਿਮੀ ਦੇ ਵਿਸ਼ਾਲ ਨੈੱਟਵਰਕ ਵਿੱਚ ਇਸ ਤਕਨੀਕ ਨੂੰ ਯਾਰਡ ਲਾਈਨਾਂ 'ਤੇ ਲਾਗੂ ਕਰਨ ਦੀ ਵੱਡੀ ਸੰਭਾਵਨਾ ਹੈ। ਅਨੁਮਾਨ ਹੈ ਕਿ ਹਰ ਕਿਲੋਮੀਟਰ ਤੋਂ ਸਾਲਾਨਾ ਲਗਭਗ 3.21 ਲੱਖ ਯੂਨਿਟ ਬਿਜਲੀ ਉਤਪੰਨ ਕੀਤੀ ਜਾ ਸਕਦੀ ਹੈ, ਜਿਸ ਨਾਲ ਰੇਲਵੇ ਨੂੰ ਨੈੱਟ ਜ਼ੀਰੋ ਕਾਰਬਨ ਉਤਸਰਜਨ ਦੇ ਟੀਚੇ ਵੱਲ ਲਿਜਾਣ ਵਿੱਚ ਮਦਦ ਮਿਲੇਗੀ। ਜਨਰਲ ਮੈਨੇਜਰ ਨਰੇਸ਼ ਪਾਲ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਸੌਰ ਊਰਜਾ ਦੇ ਪ੍ਰਯੋਗ ਦਾ ਨਵਾਂ ਆਯਾਮ ਹੈ ਅਤੇ ਭਵਿੱਖ ਵਿੱਚ ਭਾਰਤੀ ਰੇਲਵੇ ਤੇ ਹਰੇਕ ਲਈ ਊਰਜਾ ਦਾ ਮਜ਼ਬੂਤ ਮਾਡਲ ਸਾਬਤ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GST ਪੁਨਰਗਠਨ ਮਹੱਤਵਪੂਰਨ ਸੁਧਾਰ, ਦੇਸ਼ ਦੀ ਆਰਥਿਕਤਾ 'ਚ ਹੋਵੇਗਾ ਸੁਧਾਰ : ਮਾਰੂਤੀ ਸੁਜ਼ੂਕੀ ਚੇਅਰਮੈਨ
NEXT STORY