ਨੈਸ਼ਨਲ ਡੈਸਕ: ਇਕ ਵਾਰ ਫਿਰ ਕਿਸਾਨ ਤੇ ਸਰਕਾਰ ਆਹਮੋ-ਸਾਹਮਣੇ ਨੇ ਤੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਅਤੇ ਲਖੀਮਪੁਰ ਖਿਰੀ ਕਾਂਡ 'ਤੇ ਸਖ਼ਤ ਕਾਰਵਾਈ ਜਿਹੀਆਂ ਮੰਗਾਂ ਨੂੰ ਲੈ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਵੱਲੋਂ 13 ਫ਼ਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ ਤੇ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਕੇਂਦਰੀ ਮੰਤਰੀਆਂ ਨੇ ਕਿਸਾਨ ਆਗੂਆਂ ਨਾਲ 2 ਮੀਟਿੰਗਾਂ ਕੀਤੀਆਂ ਪਰ ਦੋਹਾਂ ਧਿਰਾਂ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ ਤੇ ਕਿਸਾਨਾਂ ਨੇ 13 ਫ਼ਰਵਰੀ ਦੀ ਸਵੇਰ ਦਿੱਲੀ ਵੱਲ ਚਾਲੇ ਪਾ ਦਿੱਤੇ। ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਤਮਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਕਿਸਾਨ ਵੀ ਡਟ ਕੇ ਉਨ੍ਹਾਂ ਦਾ ਮੁਕਾਬਲਾ ਕਰ ਰਹੇ ਹਨ। ਅੱਜ ਕਿਸਾਨਾਂ ਦਾ ਹਜੂਮ ਕੁਝ ਹੀ ਦੇਰ ਵਿਚ ਦਿੱਲੀ ਵੱਲ ਅੱਗੇ ਵਧੇਗਾ।
ਇਹ ਖ਼ਬਰ ਵੀ ਪੜ੍ਹੋ - ਵ੍ਹੀਲ ਚੇਅਰ 'ਤੇ ਸ਼ੰਭੂ ਬਾਰਡਰ ਪਹੁੰਚ ਗਏ ਸਿੰਘ, ਡਟ ਕੇ ਕੀਤਾ ਅੱਥਰੂ ਗੈਸ ਦਾ ਮੁਕਾਬਲਾ, ਜ਼ਖ਼ਮੀਆਂ ਦਾ ਕਰ ਰਹੇ ਇਲਾਜ
ਇੱਥੇ ਦੱਸ ਦਈਏ ਕਿ ਦਿੱਲੀ ਕੂਚ ਦੇ ਪਹਿਲੇ ਦਿਨ ਯਾਨੀ ਮੰਗਲਵਾਰ ਨੂੰ ਸ਼ੰਭੂ ਬਾਰਡਰ ਅਤੇ ਜੀਂਦ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਹਰਿਆਣਾ ਪੁਲਸ ਨਾਲ ਝੜਪ ਹੋਈ। ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ਮੰਗਲਵਾਰ ਨੂੰ ਜੰਗ ਦਾ ਮੈਦਾਨ ਬਣ ਗਈ ਅਤੇ ਅੱਥਰੂ ਗੈਸ ਦੇ ਗੋਲੇ ਛੱਡਣ ਕਾਰਨ ਹਰ ਪਾਸੇ ਧੂੰਆਂ ਹੀ ਧੂੰਆਂ ਛਾ ਗਿਆ। ਕਿਸਾਨਾਂ ਨੇ ਕੱਲ੍ਹ ਸ਼ਾਮੀਂ ਆਪਣਾ ਮਾਰਚ ਰੋਕ ਲਿਆ ਸੀ ਅਤੇ ਅੱਜ ਸਵੇਰੇ ਕਾਫਲਾ ਮੁੜ ਦਿੱਲੀ ਵੱਲ ਕੂਚ ਕਰੇਗਾ। ਇੱਥੇ ਦਿੱਲੀ ਦੀਆਂ ਸਰਹੱਦਾਂ 'ਤੇ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਦਾਖਲ ਹੋਣ ਤੋਂ ਰੋਕਣ ਲਈ ਬਹੁ-ਪੱਧਰੀ ਬੈਰੀਅਰ, ਕੰਕਰੀਟ ਬੈਰੀਅਰ, ਲੋਹੇ ਦੀਆਂ ਮੇਖਾਂ ਅਤੇ ਕੰਟੇਨਰਾਂ ਦੀਆਂ ਕੰਧਾਂ ਲਗਾ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਹਿਲੇ ਦਿਨ 100 ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ ਸਨ।
ਸਾਨੂੰ ਕੋਈ ਰੋਕ ਨਹੀਂ ਸਕਦਾ: ਸਰਵਣ ਸਿੰਘ ਪੰਧੇਰ
ਕਿਸਾਨਾਂ ਦੇ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪਹਿਲੇ ਦਿਨ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਖ਼ਿਲਾਫ਼ ਪੁਲਸ ਕਾਰਵਾਈ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਅਤੇ ਭਾਰਤ ਦੀ ਰਾਜਨੀਤੀ ਵਿਚ ਇਕ ਕਾਲਾ ਦਿਨ ਹੈ। ਸਾਡੇ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਉਨ੍ਹਾਂ ਰਾਤ ਨੂੰ ਕਿਹਾ ਸੀ ਕਿ ਅਸੀਂ ਹੁਣ ਗੱਲ ਕਰਾਂਗੇ ਅਤੇ ਫਿਰ ਸਵੇਰ ਦੀ ਰਣਨੀਤੀ ਤੈਅ ਕਰਾਂਗੇ। ਪੰਧੇਰ ਨੇ ਦੱਸਿਆ ਕਿ ਇਸ ਵੇਲੇ 100 ਤੋਂ ਵੱਧ ਕਿਸਾਨ ਜ਼ਖ਼ਮੀ ਹਨ ਅਤੇ 2 ਤੋਂ 3 ਗੰਭੀਰ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜੇ ਤੱਕ ਸਰਕਾਰ ਨਾਲ ਗੱਲ ਨਹੀਂ ਕੀਤੀ ਹੈ। ਪੂਰਾ ਪੰਜਾਬ ਸਾਡੇ ਨਾਲ ਆਵੇਗਾ ਤੇ ਹਰਿਆਣਾ ਵੀ ਆਵੇਗਾ, ਸਾਨੂੰ ਕੋਈ ਨਹੀਂ ਰੋਕ ਸਕੇਗਾ। ਦੇਸ਼ ਸਾਡੇ ਨਾਲ ਹੀ ਚੱਲਦਾ ਹੈ। ਪੰਧੇਰ ਨੇ ਕਿਹਾ, 'ਅਸੀਂ ਇਸ ਮੁੱਦੇ ਨੂੰ ਮਿਲ ਕੇ ਹੱਲ ਕਰਨਾ ਚਾਹੁੰਦੇ ਸੀ ਪਰ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ।
ਰਾਤ ਨੂੰ ਵੀ ਜਾਰੀ ਰਹੀ ਪੁਲਸ ਦੀ ਕਾਰਵਾਈ
ਕਿਸਾਨਾਂ ਅਤੇ ਪੁਲਸ ਪ੍ਰਸ਼ਾਸਨ ਵਿਚਾਲੇ ਮੰਗਲਵਾਰ ਸਾਰਾ ਦਿਨ ਅਤੇ ਅੱਧੀ ਰਾਤ ਤਕ ਵੀ ਜੱਦੋ-ਜਹਿਦ ਜਾਰੀ ਰਹੀ ਰਹੀ। ਅੱਧੀ ਰਾਤ ਨੂੰ ਸ਼ੰਭੂ ਬਾਰਡਰ 'ਤੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਉੱਥੇ ਹੀ ਦਿੱਲੀ ਪੁਲਸ ਵੱਲੋਂ ਨਾਕੇਬੰਦੀ ਕਰ ਕੇ ਵਾਹਨਾਂ ਦੀ ਤਲਾਸ਼ੀ ਲਈ ਗਈ ਅਤੇ ਇਲਾਕੇ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਸੂਚਨਾ ਦਿੱਤੀ ਜਾ ਰਹੀ ਸੀ ਕਿ ਇੱਥੇ ਸੀ.ਆਰ.ਪੀ.ਸੀ. ਦੀ ਧਾਰਾ 144 ਲਗਾਈ ਗਈ ਹੈ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਟਿਕਰੀ ਬਾਰਡਰ 'ਤੇ ਵੀ ਕਿਸਾਨਾਂ ਨੂੰ ਰੋਕਣ ਲਈ ਸਾਰੀ ਹੀਲੇ ਕੀਤੇ ਜਾ ਰਹੇ ਸਨ। ਪੁਲਸ ਦੀ ਮੌਜੂਦਗੀ ਵਿਚ ਉੱਥੇ ਕੰਕਰੀਟ ਦੀਆਂ ਸਲੈਬਾਂ ਨੂੰ ਹੋਰ ਮਜਬੂਤ ਕਰਨ ਦਾ ਕੰਮ ਸਾਰੀ ਰਾਤ ਜਾਰੀ ਰਿਹਾ। ਬਾਰਡਰ 'ਤੇ ਬਣਾਈਆਂ ਸਲੈਬਾਂ ਵਿਚ ਸਿਮੰਟ ਭਰਨ ਦਾ ਕੰਮ ਚੱਲਦਾ ਰਿਹਾ। ਉੱਥੇ ਹੀ ਕਿਸਾਨਾਂ ਨੂੰ ਰੋਕਣ ਲਈ ਨੁਕੀਲੀਆਂ ਤਾਰਾਂ ਵੀ ਲਗਾਈਆਂ ਗਈਆਂ ਸਨ।
ਪੁਲਸ ਨੂੰ ਸਖ਼ਤ ਹਦਾਇਤਾਂ- 'ਜੇ ਕਿਸਾਨ ਹਮਲਾਵਰ ਹੋਣ ਤਾਂ ਤੁਹਾਨੂੰ ਵੀ ਰੱਖਿਆਤਮਕ ਹੋਣ ਦੀ ਲੋੜ ਨਹੀਂ'
ਵਿਸ਼ੇਸ਼ ਪੁਲਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਰਵਿੰਦਰ ਯਾਦਵ ਨੇ ਮੰਗਲਵਾਰ ਸ਼ਾਮ ਨੂੰ ਸਿੰਘੂ ਬਾਰਡਰ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਅਰਧ ਸੈਨਿਕ ਬਲਾਂ ਨੂੰ ਕਿਹਾ ਕਿ ਜੇਕਰ ਕਿਸਾਨ ਦਿੱਲੀ ਵਿਚ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ ਤਾਂ “ਸਾਡਾ ਸਾਰਾ ਆਪ੍ਰੇਸ਼ਨ ਅਸਫ਼ਲ ਹੋ ਜਾਵੇਗਾ।” ਉਸ ਨੇ ਸੁਰੱਖਿਆ ਬਲਾਂ ਨੂੰ ਕਿਹਾ ਕਿ ਉਹ “ਤਰਕ ਨਾਲ” ਕੰਮ ਕਰਨ ਅਤੇ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਕਰਨ ਦੀ ਲੋੜ ਹੈ। ਯਾਦਵ ਨੇ ਮਾਈਕ੍ਰੋਫੋਨ ਅਤੇ ਲਾਊਡਸਪੀਕਰ ਦੀ ਵਰਤੋਂ ਕਰਦੇ ਹੋਏ ਕਰਮਚਾਰੀਆਂ ਨੂੰ ਕਿਹਾ, "ਜੇਕਰ ਉਹ ਹਮਲਾਵਰ ਵਿਵਹਾਰ ਕਰਦੇ ਹਨ, ਤਾਂ ਸਾਨੂੰ ਹੋਰ ਹਮਲਾਵਰਤਾ ਦਿਖਾਉਣੀ ਪਵੇਗੀ, ਤਦ ਹੀ ਅਸੀਂ ਉਨ੍ਹਾਂ ਨੂੰ ਰੋਕ ਸਕਦੇ ਹਾਂ। ਜੇਕਰ ਉਹ ਹਮਲਾਵਰ ਹੋ ਜਾਂਦੇ ਹਨ, ਤਾਂ ਸਾਨੂੰ ਰੱਖਿਆਤਮਕ ਹੋਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਅੱਥਰੂ ਗੈਸ ਦੇ ਗੋਲੇ ਚਲਾਉਣੇ ਪੈਣਗੇ, ਡੰਡੇ ਦੀ ਵਰਤੋਂ ਕਰਨੀ ਪਵੇਗੀ ਅਤੇ ਆਪਣੀ ਰੱਖਿਆ ਕਰਨੀ ਪਵੇਗੀ। ਇਹ ਪ੍ਰਕਿਰਿਆ ਇਕ ਦਿਨ ਤੱਕ ਚੱਲ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਜਾਂ ਹਿੰਸਾ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਯਾਦਵ ਨੇ ਕਿਹਾ ਕਿ ਜੇਕਰ ਕਿਸਾਨ ਸਮਝ ਜਾਣਗੇ ਕਿ ਉਹ ਦਿੱਲੀ 'ਚ ਦਾਖਲ ਨਹੀਂ ਹੋ ਸਕਣਗੇ ਤਾਂ ਉਹ ਬੈਰੀਕੇਡ ਕੋਲ ਬੈਠ ਜਾਣਗੇ। ਉਸ ਨੇ ਮੁਲਾਜ਼ਮਾਂ ਨੂੰ ਕਿਹਾ, “ਸਾਨੂੰ ਉਨ੍ਹਾਂ ਦੇ ਬੈਰੀਕੇਡ ਦੇ ਕੋਲ ਬੈਠਣ ਨਾਲ ਕੋਈ ਸਮੱਸਿਆ ਨਹੀਂ ਹੈ। ਇਹ ਇਕ ਨੀਤੀਗਤ ਮਾਮਲਾ ਹੈ ਅਤੇ ਸਰਕਾਰ ਤੈਅ ਕਰੇਗੀ ਕਿ ਉਹ ਕਿੰਨੇ ਸਮੇਂ ਤੱਕ ਇੱਥੇ ਬੈਠ ਸਕਦੇ ਹਨ।''
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵ੍ਹੀਲ ਚੇਅਰ 'ਤੇ ਸ਼ੰਭੂ ਬਾਰਡਰ ਪਹੁੰਚ ਗਏ ਸਿੰਘ, ਡਟ ਕੇ ਕੀਤਾ ਅੱਥਰੂ ਗੈਸ ਦਾ ਮੁਕਾਬਲਾ, ਜ਼ਖ਼ਮੀਆਂ ਦਾ ਕਰ ਰਹੇ ਇਲਾਜ
NEXT STORY