ਨਵੀਂ ਦਿੱਲੀ (ਭਾਸ਼ਾ)- ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਦੋਵਾਂ ਸੂਬਿਆਂ ਵਿਚਾਲੇ ਦਹਾਕਿਆਂ ਪੁਰਾਣੇ ਸਰਹੱਦੀ ਵਿਵਾਦ ਨੂੰ ਖਤਮ ਕਰਨ ਲਈ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਇਕ ਸਮਝੌਤੇ ’ਤੇ ਹਸਤਾਖਰ ਕੀਤੇ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਇਸ ਸਮਝੌਤੇ ’ਤੇ ਹਸਤਾਖਰ ਕੀਤੇ। ਆਸਾਮ ਅਤੇ ਅਰੁਣਾਚਲ ਪ੍ਰਦੇਸ਼ ’ਚ 804.1 ਕਿਲੋਮੀਟਰ ਲੰਬੀ ਸਾਂਝੀ ਸਰਹੱਦ ਹੈ। ਸਰਮਾ ਅਤੇ ਖਾਂਡੂ ਨੇ 15 ਜੁਲਾਈ 2022 ਨੂੰ ਨਾਮਸਾਈ ਐਲਾਨਪੱਤਰ ’ਤੇ ਹਸਤਾਖਰ ਕਰ ਕੇ ਸਰਹੱਦੀ ਵਿਵਾਦ ਦਾ ਹੱਲ ਕੱਢਣ ਦਾ ਸੰਕਲਪ ਲਿਆ ਸੀ ਅਤੇ ਉਦੋਂ ਤੋਂ ਦੋਵਾਂ ਸੂਬਿਆਂ ਵਿਚਾਲੇ ਇਸ ’ਤੇ ਗੱਲਬਾਤ ਹੋ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਸੂਬਿਆਂ ਨੇ 123 ਪਿੰਡਾਂ ਦੇ ਇਸ ਵਿਵਾਦ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਸ਼ਾਹ ਨੇ ਦੋਵਾਂ ਸੂਬਿਆਂ ਵਿਚਾਲੇ ਹੋਏ ਸਰਹੱਦੀ ਸਮਝੌਤੇ ਨੂੰ ਇਤਿਹਾਸਕ ਘਟਨਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਦਹਾਕਿਆਂ ਪੁਰਾਣਾ ਵਿਵਾਦ ਖਤਮ ਹੋ ਗਿਆ। ਉੱਧਰ ਸਰਮਾ ਨੇ ਕਿਹਾ ਕਿ ਇਹ ਵੱਡਾ ਅਤੇ ਸਫਲ ਮੌਕਾ ਹੈ। ਖਾਂਡੂ ਨੇ ਵੀ ਇਸ ਸਮਝੌਤੇ ਨੂੰ ਇਤਿਹਾਸਕ ਦੱਸਿਆ। ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਲਗਾਤਾਰ ਕਹਿੰਦਾ ਰਿਹਾ ਹੈ ਕਿ ਮੈਦਾਨੀ ਹਿੱਸਿਆਂ ’ਚ ਸਥਿਤ ਕਈ ਜੰਗਲੀ ਖੇਤਰ ਰਿਵਾਇਤੀ ਤੌਰ ’ਤੇ ਆਦਿਵਾਸੀ ਭਾਈਚਾਰਿਆਂ ਦੇ ਹੁੰਦੇ ਸਨ ਅਤੇ ਉਨ੍ਹਾਂ ਨੂੰ ਇਕਪਾਸੜ ਫੈਸਲੇ ’ਚ ਆਸਾਮ ਨੂੰ ਦੇ ਦਿੱਤਾ ਗਿਆ।
ਸਮਲਿੰਗੀ ਵਿਆਹ ਮਾਮਲੇ 'ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
NEXT STORY