ਨਵੀਂ ਦਿੱਲੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ 400 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਵਿਖਾਈ, ਜਿਸ ਤੋਂ ਬਾਅਦ ਰਾਜਧਾਨੀ 'ਚ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ 800 ਹੋ ਗਈ ਹੈ। ਇੱਥੇ ਆਈ. ਪੀ. ਡਿਪੋ ਵਿਚ ਬੱਸਾਂ ਨੂੰ ਹਰੀ ਝੰਡੀ ਵਿਖਾਈ ਗਈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਇੱਥੇ ਇਕ ਸਮਾਰੋਹ ਵਿਚ ਕਿਹਾ ਕਿ ਦਿੱਲੀ 'ਚ ਇਲੈਕਟ੍ਰਿਕ ਬੱਸਾਂ ਦੀ ਗਿਣਤੀ ਵਧ ਕੇ ਹੁਣ 800 ਹੋ ਗਈ ਹੈ। ਮੈਂ ਇਸ ਮੌਕੇ ਦਿੱਲੀ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।
ਕੇਜਰੀਵਾਲ ਨੇ ਬਾਅਦ ਵਿਚ 'ਐਕਸ' 'ਤੇ ਇਕ ਪੋਸਟ ਵਿਚ ਬੱਸਾਂ ਲਈ ਬਜਟ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਕਿਹਾ, "ਮਾਨਯੋਗ ਉਪ ਰਾਜਪਾਲ ਨਾਲ ਮਿਲ ਕੇ, ਅੱਜ 400 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਦਿੱਲੀ ਦੇ ਲੋਕਾਂ ਨੂੰ ਸੌਂਪੀਆਂ।" ਕੇਜਰੀਵਾਲ ਨੇ ਕਿਹਾ ਕਿ ਇਹ ਬੱਸ ਸਬਸਿਡੀ ਸਕੀਮ ਦੀਆਂ 921 ਬੱਸਾਂ ਵਿਚ ਸ਼ਾਮਲ ਹਨ, ਜਿਨ੍ਹਾਂ ਲਈ ਕੇਂਦਰ ਸਰਕਾਰ ਵੱਲੋਂ 417 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਅਤੇ ਦਿੱਲੀ ਸਰਕਾਰ 3674 ਕਰੋੜ ਰੁਪਏ ਖਰਚ ਕਰੇਗੀ।" ਮੁੱਖ ਮੰਤਰੀ ਨੇ ਕਿਹਾ ਕਿ ਹੁਣ ਦਿੱਲੀ ਦੀਆਂ ਸੜਕਾਂ 'ਤੇ ਕੁੱਲ 800 ਇਲੈਕਟ੍ਰਿਕ ਬੱਸਾਂ ਹਨ, ਜੋ ਕਿ ਪੂਰੇ ਦੇਸ਼ 'ਚ ਸਭ ਤੋਂ ਵੱਧ ਹਨ।
ਉਨ੍ਹਾਂ ਕਿਹਾ ਕਿ ਸਾਡਾ ਟੀਚਾ 2025 ਦੇ ਅੰਤ ਤੱਕ ਕੁੱਲ 8 ਹਜ਼ਾਰ ਇਲੈਕਟ੍ਰਿਕ ਬੱਸਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਲਿਆਉਣ ਦਾ ਹੈ। ਉਸ ਸਮੇਂ ਦਿੱਲੀ 'ਚ 10 ਹਜ਼ਾਰ ਤੋਂ ਵੱਧ ਬੱਸਾਂ ਹੋਣਗੀਆਂ, ਜਿਨ੍ਹਾਂ 'ਚੋਂ 80 ਫੀਸਦੀ ਇਲੈਕਟ੍ਰਿਕ ਹੋਣਗੀਆਂ। ਬਹੁਤ ਜਲਦੀ ਦਿੱਲੀ ਵੀ ਆਪਣੀਆਂ ਸ਼ਾਨਦਾਰ ਇਲੈਕਟ੍ਰਿਕ ਬੱਸਾਂ ਲਈ ਪੂਰੀ ਦੁਨੀਆ ਵਿਚ ਜਾਣੀ ਜਾਵੇਗੀ।
G-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਦਿੱਲੀ ਆਉਣਗੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ
NEXT STORY