ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਲੋਕਾਂ ਦੇ ਲਾਪਤਾ ਹੋਣ ਦੀ ਦਰ ਚਿੰਤਾਜਨਕ ਰੂਪ 'ਚ ਵਧ ਰਹੀ ਹੈ। ਦਿੱਲੀ ਪੁਲਸ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਸਾਲ 2026 ਦੇ ਪਹਿਲੇ 15 ਦਿਨਾਂ 'ਚ ਹੀ 800 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਹੈ। ਦੂਜੇ ਪਾਸੇ, ਪੁਲਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ 'ਆਪਰੇਸ਼ਨ ਮਿਲਾਪ' ਰਾਹੀਂ ਕਈ ਪਰਿਵਾਰਾਂ ਦੇ ਵਿਛੜੇ ਮੈਂਬਰਾਂ ਨੂੰ ਵਾਪਸ ਮਿਲਾ ਕੇ ਰਾਹਤ ਵੀ ਦਿੱਤੀ ਜਾ ਰਹੀ ਹੈ।
ਔਰਤਾਂ ਅਤੇ ਬੱਚੀਆਂ ਦੀ ਸਥਿਤੀ ਸਭ ਤੋਂ ਚਿੰਤਾਜਨਕ
1 ਤੋਂ 15 ਜਨਵਰੀ ਦੇ ਵਿਚਕਾਰ ਕੁੱਲ 807 ਲੋਕ ਲਾਪਤਾ ਹੋਏ, ਜਿਸ ਦਾ ਮਤਲਬ ਹੈ ਕਿ ਔਸਤਨ ਹਰ ਰੋਜ਼ 54 ਲੋਕ ਗਾਇਬ ਹੋ ਰਹੇ ਹਨ। ਇਨ੍ਹਾਂ 'ਚੋਂ ਲਗਭਗ ਦੋ-ਤਿਹਾਈ ਮਾਮਲੇ ਔਰਤਾਂ ਅਤੇ ਕੁੜੀਆਂ ਦੇ ਹਨ। ਅੰਕੜਿਆਂ ਮੁਤਾਬਕ ਲਾਪਤਾ ਹੋਏ 807 ਲੋਕਾਂ 'ਚੋਂ 509 ਔਰਤਾਂ ਅਤੇ ਕੁੜੀਆਂ ਹਨ, ਜਦਕਿ 298 ਮਰਦ ਸਨ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਲਾਪਤਾ ਹੋਏ 191 ਨਾਬਾਲਗਾਂ 'ਚੋਂ 146 ਕੁੜੀਆਂ ਸਨ। ਇਨ੍ਹਾਂ 'ਚੋਂ 169 ਕਿਸ਼ੋਰ (12 ਤੋਂ 18 ਸਾਲ) ਸ਼ਾਮਲ ਹਨ, ਜਿਨ੍ਹਾਂ 'ਚੋਂ 71 ਫੀਸਦੀ ਅਜੇ ਵੀ ਲਾਪਤਾ ਹਨ।
ਪਿਛਲੇ ਇਕ ਦਹਾਕੇ ਦਾ ਖੌਫਨਾਕ ਸੱਚ
ਜੇਕਰ ਪਿਛਲੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2025 'ਚ ਦਿੱਲੀ 'ਚ ਕੁੱਲ 24,508 ਲੋਕ ਲਾਪਤਾ ਹੋਏ ਸਨ, ਜਿਨ੍ਹਾਂ 'ਚੋਂ 60 ਫੀਸਦੀ ਤੋਂ ਵੱਧ ਔਰਤਾਂ ਸਨ। ਪਿਛਲੇ ਇਕ ਦਹਾਕੇ (2016-2026) ਦੌਰਾਨ ਦਿੱਲੀ 'ਚ 2,32,737 ਲੋਕ ਲਾਪਤਾ ਹੋਏ। ਹਾਲਾਂਕਿ ਪੁਲਸ ਨੇ ਲਗਭਗ 1.8 ਲੱਖ ਲੋਕਾਂ ਦਾ ਪਤਾ ਲਗਾ ਲਿਆ ਹੈ, ਪਰ ਲਗਭਗ 52,000 ਮਾਮਲੇ ਅਜੇ ਵੀ ਅਣਸੁਲਝੇ ਹਨ।
'ਆਪਰੇਸ਼ਨ ਮਿਲਾਪ' ਨਾਲ ਮਿਲੀ ਸਫਲਤਾ
ਇਸ ਗੰਭੀਰ ਸਥਿਤੀ ਦੇ ਵਿਚਕਾਰ, ਦਿੱਲੀ ਪੁਲਸ ਦੀ ਸਾਊਥ-ਵੈਸਟ ਜ਼ਿਲ੍ਹਾ ਟੀਮ ਨੇ ਜਨਵਰੀ ਮਹੀਨੇ ਦੌਰਾਨ 'ਆਪਰੇਸ਼ਨ ਮਿਲਾਪ' ਤਹਿਤ 75 ਲਾਪਤਾ ਵਿਅਕਤੀਆਂ ਨੂੰ ਸਫਲਤਾਪੂਰਵਕ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਇਨ੍ਹਾਂ 'ਚ 28 ਬੱਚੇ ਅਤੇ 47 ਬਾਲਗ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਆਫ ਪੁਲਸ (ਸਾਊਥ-ਵੈਸਟ) ਅਮਿਤ ਗੋਇਲ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ, ਜਨਤਕ ਥਾਵਾਂ ਜਿਵੇਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਫੋਟੋਆਂ ਵੰਡਣ ਅਤੇ ਸਥਾਨਕ ਪੁੱਛਗਿੱਛ ਰਾਹੀਂ ਇਨਾਂ ਲੋਕਾਂ ਦਾ ਪਤਾ ਲਗਾਇਆ ਹੈ।
- ਵਸੰਤ ਕੁੰਜ ਸਾਊਥ ਥਾਣੇ ਨੇ ਸਭ ਤੋਂ ਵੱਧ 9 ਨਾਬਾਲਗ ਕੁੜੀਆਂ ਅਤੇ 5 ਬਾਲਗਾਂ ਨੂੰ ਲੱਭਿਆ।
- ਪਾਲਮ ਵਿਲੇਜ ਦੀ ਪੁਲਸ ਨੇ 6 ਬੱਚੇ ਅਤੇ 13 ਬਾਲਗਾਂ ਨੂੰ ਬਰਾਮਦ ਕੀਤਾ।
- ਕਪਾਸਹੇੜਾ 'ਚ 3 ਬੱਚੇ ਅਤੇ 4 ਬਾਲਗ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਲਾਪਤਾ ਲੋਕਾਂ ਦੀ ਭਾਲ ਲਈ ਹਸਪਤਾਲਾਂ ਅਤੇ ਹੋਰ ਥਾਣਿਆਂ ਦੇ ਰਿਕਾਰਡ ਦੀ ਲਗਾਤਾਰ ਜਾਂਚ ਕਰ ਰਹੀਆਂ ਹਨ ਤਾਂ ਜੋ ਵਿਛੜੇ ਹੋਏ ਲੋਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਲ ਦਾ ਚੱਕਰ ਜਾਂ ਵੱਡੀ ਸਾਜ਼ਿਸ਼ ? ਅਜੀਤ ਪਵਾਰ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਦਾ ਹੈਲੀਕਾਪਟਰ...
NEXT STORY