ਨਵੀਂ ਦਿੱਲੀ—ਨਾਗਰਿਕ ਸੋਧ ਕਾਨੂੰਨ 'ਤੇ ਟਕਰਾਅ ਕਾਰਨ ਹੋਈ ਹਿੰਸਾ ਮਾਮਲੇ 'ਚ ਦਿੱਲੀ ਹਾਈਕੋਰਟ 'ਚ ਮੰਗਲਵਾਰ ਅੱਧੀ ਰਾਤ ਨੂੰ ਸੁਣਵਾਈ ਹੋਈ। ਜਸਟਿਸ ਐੱਸ. ਮੁਰਲੀਧਰ ਦੇ ਘਰ ਦੇਰ ਰਾਤ ਸਾਢੇ 12 ਵਜੇ ਹੋਈ ਇਸ ਸੁਣਵਾਈ 'ਚ ਹਾਈਕੋਰਟ ਨੇ ਦਿੱਲੀ ਪੁਲਸ ਨੂੰ ਮੁਸਤਫਾਬਾਦ ਦੇ ਇਕ ਹਸਪਤਾਲ ਤੋਂ ਐਬੂਲੈਂਸ ਨੂੰ ਸੁਰੱਖਿਅਤ ਰਸਤਾ ਅਤੇ ਮਰੀਜਾਂ ਨੂੰ ਹਸਪਤਾਲ 'ਚ ਸ਼ਿਫਟ ਕਰਨ ਦਾ ਆਦੇਸ਼ ਦਿੱਤਾ ਹੈ। ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਅਨੂਪ ਜੇ.ਭੰਭਾਨੀ ਦੀ ਬੈਚ ਨੇ ਪੁਲਸ ਨੂੰ ਇਸ ਵਿਵਸਥਾ ਦੇ ਲਈ ਸਾਰੇ ਸ੍ਰੋਤਾਂ ਦੀ ਵਰਤੋਂ ਕਰਨ ਦਾ ਆਦੇਸ਼ ਵੀ ਦਿੱਤਾ।
ਇਸ ਦੇ ਨਾਲ ਹੀ ਬੈਚ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਜੇਕਰ ਆਦੇਸ਼ ਦੇ ਬਾਵਜੂਦ ਜ਼ਖਮੀਆਂ ਨੂੰ ਦਿੱਲੀ ਦੇ ਗੁਰੂ ਤੇਗ ਬਹਾਦਰ ਹਸਪਤਾਲ 'ਚ ਤਰੁੰਤ ਇਲਾਜ ਨਹੀਂ ਮਿਲ ਰਿਹਾ ਤਾਂ ਉਨ੍ਹਾਂ ਨੂੰ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਜਾਂ ਮੌਲਾਨਾ ਆਜ਼ਾਦ ਜਾਂ ਕਿਸੇ ਹੋਰ ਹਸਪਤਾਲ ਲਿਜਾਇਆ ਜਾਵੇ। ਬੈਚ ਨੇ ਅਨੁਪਾਲਣਾ ਦੀ ਸਥਿਤੀ ਦੀ ਰਿਪੋਰਟ ਵੀ ਮੰਗੀ ਹੈ, ਜਿਸ 'ਚ ਜ਼ਖਮੀਆਂ ਅਤੇ ਉਨ੍ਹਾਂ ਨੂੰ ਦਿੱਤੇ ਗਏ ਇਲਾਜ ਦੇ ਬਾਰੇ ਜਾਣਕਾਰੀ ਹੋਵੇ। ਮਾਮਲੇ 'ਤੇ ਸੁਣਵਾਈ ਅੱਜ ਭਾਵ ਬੁੱਧਵਾਰ ਨੂੰ ਦੁਪਹਿਰ 2.15 ਵਜੇ ਹੋਵੇਗੀ।
ਆਦੇਸ਼ ਦਿੰਦੇ ਹੋਏ ਬੈਚ ਨੇ ਕਿਹਾ ਕਿ ਜੀ.ਟੀ.ਬੀ ਅਤੇ ਐੱਲ.ਐੱਨ.ਜੇ.ਪੀ ਹਸਪਤਾਲ 'ਚ ਮੈਡੀਕਲ ਸੁਪਰਡੈਂਟ ਨੂੰ ਵੀ ਇਸ ਆਦੇਸ਼ ਦੀ ਜਾਣਕਾਰੀ ਦਿੱਤੀ ਜਾਵੇ। ਵਕੀਲ ਸੁਰੂਰ ਮੰਡੇਰ ਨੇ ਜਸਟਿਸਾਂ ਨਾਲ ਸੰਪਰਕ ਕਰ ਕੇ ਜ਼ਖਮੀਆਂ ਲਈ ਐਬੂਲੈਂਸਾਂ ਦਾ ਸੁਰੱਖਿਅਤ ਆਉਣਾ-ਜਾਣਾ ਯਕੀਨੀ ਬਣਾਉਣ ਦਾ ਆਦੇਸ਼ ਦੇਣ ਦੀ ਅਪੀਲ ਕੀਤੀ ਸੀ। ਦਿੱਲੀ ਪੁਲਸ ਅਤੇ ਸਰਕਾਰ ਦਾ ਪੱਖ ਇੱਥੇ ਐਡੀਸ਼ਨਲ ਸਥਾਈ ਵਕੀਲ ਸੰਜੈ ਘੋਸ਼ ਨੇ ਰੱਖਿਆ। ਸੁਣਵਾਈ ਦੌਰਾਨ ਨਿਊ ਮੁਸਤਫਾਬਾਦ ਸਥਿਤ ਅਲ-ਹਿੰਦ ਹਸਪਤਾਲ ਦੇ ਡਾਕਟਰ ਅਨਵਰ ਨਾਲ ਫੋਨ 'ਤੇ ਗੱਲ ਕੀਤੀ ਗਈ, ਜਿਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਦੋ ਲਾਸ਼ਾਂ ਅਤੇ 22 ਜ਼ਖਮੀ ਉੱਥੇ ਹਨ ਅਤੇ ਉਨ੍ਹਾਂ ਨੇ ਪੁਲਸ ਤੋਂ ਮਦਦ ਮੰਗੀ ਹੈ ਪਰ ਉਨ੍ਹਾਂ ਨੂੰ ਨਹੀਂ ਮਿਲੀ ਹੈ। ਅਦਾਲਤ ਨੇ ਫਿਰ ਸੀਨੀਅਰ ਅਧਿਕਾਰੀਆਂ ਨਾਲ ਤਰੁੰਤ ਹਸਪਤਾਲ ਜਾਣ ਅਤੇ ਜ਼ਖਮੀਆਂ ਨੂੰ ਤਰੁੰਤ ਨਜ਼ਦੀਕੀ ਹਸਪਤਾਲਾਂ 'ਚ ਪਹੁੰਚਾਉਣ ਦਾ ਕੰਮ ਕਰਨ ਦਾ ਆਦੇਸ਼ ਦਿੱਤਾ। ਉਸ ਨੇ ਇਸ ਆਦੇਸ਼ ਦੀ ਜਾਣਕਾਰੀ ਦਿੱਲੀ ਪੁਲਸ ਕਮਿਸ਼ਨਰ ਨੂੰ ਵੀ ਦੇਣ ਦਾ ਆਦੇਸ਼ ਦਿੱਤਾ।
ਜ਼ਿਕਰਯੋਗ ਹੈ ਕਿ ਦਿੱਲੀ 'ਚ ਸੋਧ ਨਾਗਰਿਕ ਕਾਨੂੰਨ (ਸੀ.ਏ.ਏ) ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲੇ ਸਮੂਹਾਂ ਵਿਚਾਲੇ ਸੰਘਰਸ਼ ਨੇ ਫਿਰਕੂ ਦੰਗਿਆਂ ਦਾ ਰੂਪ ਲੈ ਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਘਰਾਂ, ਦੁਕਾਨਾਂ ਅਤੇ ਵਾਹਨਾਂ 'ਚ ਅੱਗ ਲਾ ਦਿੱਤੀ ਅਤੇ ਇੱਕ-ਦੂਜੇ 'ਤੇ ਪਥਰਾਅ ਕੀਤਾ। ਇਨ੍ਹਾਂ ਘਟਨਾਵਾਂ 'ਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 200 ਲੋਕ ਜ਼ਖਮੀ ਹੋ ਗਏ ਹਨ।
ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ
NEXT STORY