ਸ਼੍ਰੀਨਗਰ- ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਚੋਣਾਂ ਲੋਕਾਂ ਦਾ ਅਧਿਕਾਰ ਹੈ ਪਰ ਕਸ਼ਮੀਰ ਦੇ ਲੋਕ ਜੰਮੂ-ਕਸ਼ਮੀਰ 'ਚ ਚੋਣਾਂ ਕਰਵਾਉਣ ਲਈ ਕੇਂਦਰ ਤੋਂ 'ਭੀਖ' ਨਹੀਂ ਮੰਗਣਗੇ। ਅਬਦੁੱਲਾ ਨੇ ਅਨੰਤਨਾਗ ਜ਼ਿਲੇ 'ਚ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਇਸ ਸਾਲ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਹਨ ਤਾਂ ਨਾ ਕਰਵਾਈਆਂ ਜਾਣ। ਅਸੀਂ ਭਿਖਾਰੀ ਨਹੀਂ ਹਾਂ। ਮੈਂ ਵਾਰ-ਵਾਰ ਕਿਹਾ ਹੈ ਕਿ ਕਸ਼ਮੀਰੀ ਭਿਖਾਰੀ ਨਹੀਂ ਹਨ। ਚੋਣ ਸਾਡਾ ਅਧਿਕਾਰ ਹੈ ਪਰ ਅਸੀਂ ਇਸ ਅਧਿਕਾਰ ਦੀ ਭੀਖ ਨਹੀਂ ਮੰਗਾਂਗੇ।
ਅਬਦੁੱਲਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਚੋਣਾਂ ਕਰਵਾਉਣਾ ਚਾਹੁੰਦੀ ਹੈ ਤਾਂ ਚੰਗੀ ਗੱਲ ਹੈ ਪਰ ਜੇਕਰ ਉਹ ਨਹੀਂ ਚਾਹੁੰਦੀ ਤਾਂ ਨਾ ਕਰਾਓ। ਜਾਇਦਾਦਾਂ ਅਤੇ ਸਰਕਾਰੀ ਜ਼ਮੀਨਾਂ ਤੋਂ ਲੋਕਾਂ ਨੂੰ ਬੇਦਖਲ ਕਰਨ ਬਾਰੇ ਪੁੱਛੇ ਜਾਣ 'ਤੇ ਅਬਦੁੱਲਾ ਨੇ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ 'ਚ ਚੋਣਾਂ ਨਾ ਹੋਣ ਦਾ ਇਹ ਵੀ ਇਕ ਕਾਰਨ ਸੀ। ਉਨ੍ਹਾਂ ਕਿਹਾ ਇਸੇ ਲਈ ਉਹ ਚੋਣਾਂ ਨਹੀਂ ਕਰਵਾ ਰਹੇ ਹਨ। ਉਹ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹਨ। ਲੋਕਾਂ ਦੇ ਜ਼ਖਮਾਂ ਨੂੰ ਭਰਨ ਦੀ ਬਜਾਏ ਅਜਿਹਾ ਲੱਗਦਾ ਹੈ ਕਿ ਉਹ ਜ਼ਖ਼ਮਾਂ ਨੂੰ ਹਰਾ ਰੱਖਣਾ ਚਾਹੁੰਦੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਜਾਣਦੀ ਹੈ ਕਿ ਚੁਣੀ ਹੋਈ ਸਰਕਾਰ ਲੋਕਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਵੇਗੀ ਜਦਕਿ ਉਹ ਜ਼ਖ਼ਮਾਂ 'ਤੇ ਲੂਣ ਅਤੇ ਮਿਰਚ ਛਿੜਕ ਰਹੀ ਹੈ। ਰਾਜੌਰੀ ਹਮਲੇ ਤੋਂ ਬਾਅਦ ਗ੍ਰਾਮ ਸੁਰੱਖਿਆ ਗਾਰਡਾਂ ਨੂੰ ਹਥਿਆਰ ਦੇਣ ਦੇ ਸਰਕਾਰ ਦੇ ਫੈਸਲੇ ਬਾਰੇ ਪੁੱਛੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਸਰਕਾਰ ਇਸ ਰਾਹੀਂ ਸਵੀਕਾਰ ਕਰ ਰਹੀ ਹੈ ਕਿ 2019 'ਚ ਧਾਰਾ 370 ਨੂੰ ਖਤਮ ਕਰਨ ਦੇ ਸਮੇਂ ਦੇਸ਼ ਦੇ ਸਾਹਮਣੇ ਜੋ ਦਾਅਵੇ ਕੀਤੇ ਗਏ ਸਨ, ਉਹ ਫੇਲ੍ਹ ਸਾਬਤ ਹੋ ਰਹੇ ਹਨ।
ਬੰਬ ਦੀ ਧਮਕੀ: ਮਾਸਕੋ ਤੋਂ ਆ ਰਿਹਾ ਜਹਾਜ਼ ਜਾਮਨਗਰ 'ਚ ਰੁਕਿਆ, 15 ਘੰਟੇ ਬਾਅਦ ਪੁੱਜਿਆ ਗੋਆ
NEXT STORY