ਨੈਸ਼ਨਲ ਡੈਸਕ : ਉੱਤਰਾਖੰਡ ਦੇ ਹਰਿਦੁਆਰ 'ਚ ਸਥਿਤ ਵਿਸ਼ਵ ਪ੍ਰਸਿੱਧ 'ਹਰ ਕੀ ਪੌੜੀ' ਖੇਤਰ ਵਿੱਚ ਗੈਰ-ਹਿੰਦੂਆਂ ਦੇ ਐਂਟਰੀ ਨੂੰ ਲੈ ਕੇ ਵਿਵਾਦ ਭਖ ਗਿਆ ਹੈ। 16 ਜਨਵਰੀ ਨੂੰ ਹਰ ਕੀ ਪੌੜੀ ਦੇ ਆਲੇ-ਦੁਆਲੇ ਸਾਰੇ ਰਸਤਿਆਂ, ਪੁਲਾਂ ਅਤੇ ਖੰਭਿਆਂ 'ਤੇ 'ਅਹਿੰਦੂ ਪ੍ਰਵੇਸ਼ ਨਿਸ਼ੇਧ ਖੇਤਰ' (ਗੈਰ-ਹਿੰਦੂਆਂ ਲਈ ਮਨਾਹੀ ਵਾਲਾ ਖੇਤਰ) ਲਿਖੇ ਹੋਏ ਬੋਰਡ ਲਗਾ ਦਿੱਤੇ ਗਏ ਹਨ। ਇਹ ਕਦਮ ਹਰ ਕੀ ਪੌੜੀ ਦੇ ਘਾਟਾਂ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ 'ਗੰਗਾ ਸਭਾ' ਵੱਲੋਂ ਚੁੱਕਿਆ ਗਿਆ ਹੈ।
ਕਿਉਂ ਲਗਾਏ ਗਏ ਬੋਰਡ?
ਗੰਗਾ ਸਭਾ ਹਰ ਕੀ ਪੌੜੀ ਹਰਿਦੁਆਰ ਦੇ ਪ੍ਰਧਾਨ ਪੰਡਿਤ ਨਿਤਿਨ ਗੌਤਮ ਨੇ ਕਿਹਾ ਕਿ 1916 ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਨਗਰ ਨਿਗਮ ਦੇ ਅਧੀਨ ਇੱਕ ਨਗਰਪਾਲਿਕਾ ਐਕਟ ਬਣਾਇਆ ਗਿਆ ਸੀ, ਜਿਸ ਵਿੱਚ ਗੈਰ-ਹਿੰਦੂਆਂ ਨੂੰ ਹਰਿਦੁਆਰ ਦੀ ਹਰ ਕੀ ਪੌੜੀ ਵਿੱਚ ਦਾਖਲ ਹੋਣ ਤੋਂ ਵਰਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਇਸ ਕਾਨੂੰਨ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਸਨ। ਇਸ ਲਈ ਗੰਗਾ ਸਭਾ ਨੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਹਰਿਦੁਆਰ ਦੀ ਹਰ ਕੀ ਪੌੜੀ ਦੇ ਸਾਰੇ ਦਰਵਾਜ਼ਿਆਂ 'ਤੇ ਸਾਈਨ ਲਗਾਏ ਹਨ। ਇਨ੍ਹਾਂ ਬੋਰਡਾਂ ਨੂੰ ਲਗਾਉਣ ਦਾ ਤਤਕਾਲੀ ਕਾਰਨ ਤਿੰਨ ਦਿਨ ਪਹਿਲਾਂ ਵਾਇਰਲ ਹੋਈ ਇੱਕ ਵੀਡੀਓ ਨੂੰ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਦੋ ਨੌਜਵਾਨ ਅਰਬੀ ਪਹਿਰਾਵੇ (ਕੰਦੂਰਾ) ਵਿੱਚ ਹਰ ਕੀ ਪੌੜੀ ਖੇਤਰ ਵਿੱਚ ਘੁੰਮਦੇ ਦਿਖਾਈ ਦਿੱਤੇ ਸਨ। ਹਾਲਾਂਕਿ ਬਾਅਦ ਵਿੱਚ ਪਤਾ ਲੱਗਾ ਕਿ ਉਹ ਨੌਜਵਾਨ ਹਿੰਦੂ ਹੀ ਸਨ ਅਤੇ ਆਪਣੇ ਯੂਟਿਊਬ ਚੈਨਲ ਲਈ ਵੀਡੀਓ ਬਣਾ ਰਹੇ ਸਨ, ਪਰ ਇਸ ਘਟਨਾ ਤੋਂ ਬਾਅਦ ਗੰਗਾ ਸਭਾ ਨੇ ਸਖ਼ਤੀ ਦਿਖਾਉਂਦਿਆਂ ਇਹ ਬੋਰਡ ਲਗਾ ਦਿੱਤੇ।
ਕੁੰਭ ਖੇਤਰ ਤੱਕ ਪਾਬੰਦੀ ਵਧਾਉਣ ਦੀ ਮੰਗ
ਗੰਗਾ ਸਭਾ ਨੇ ਉੱਤਰਾਖੰਡ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਗਲੇ ਸਾਲ ਹੋਣ ਵਾਲੇ ਅਰਧ-ਕੁੰਭ ਤੋਂ ਪਹਿਲਾਂ ਪੂਰੇ ਹਰਿਦੁਆਰ ਕੁੰਭ ਖੇਤਰ ਦੇ ਮੰਦਰਾਂ ਅਤੇ ਘਾਟਾਂ ਨੂੰ ਗੈਰ-ਹਿੰਦੂਆਂ ਲਈ ਰੋਕ ਲਾਈ ਜਾਵੇ। ਉਨ੍ਹਾਂ ਇਹ ਅਪੀਲ ਵੀ ਕੀਤੀ ਹੈ ਕਿ ਸਰਕਾਰੀ ਵਿਭਾਗ ਅਤੇ ਮੀਡੀਆ ਅਦਾਰੇ ਵੀ ਇਸ ਖੇਤਰ ਵਿੱਚ ਆਪਣੇ ਗੈਰ-ਹਿੰਦੂ ਕਰਮਚਾਰੀਆਂ ਨੂੰ ਤਾਇਨਾਤ ਨਾ ਕਰਨ।
ਸਾਧੂ-ਸੰਤਾਂ ਵੱਲੋਂ ਸਮਰਥਨ, ਪ੍ਰਸ਼ਾਸਨ ਨੇ ਦਿੱਤੀ ਪ੍ਰਤੀਕਿਰਿਆ
ਸਾਧੂ-ਸੰਤਾਂ ਅਤੇ ਕਈ ਤੀਰਥ ਯਾਤਰੀਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਗੰਗਾ ਦੀ ਪਵਿੱਤਰਤਾ ਬਣਾਈ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਦੂਜੇ ਪਾਸੇ, ਗੜ੍ਹਵਾਲ ਮੰਡਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਹੈ ਕਿ ਉਹ ਮਿਊਂਸਪਲ ਐਕਟ ਅਤੇ ਲਗਾਏ ਗਏ ਬੋਰਡਾਂ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਕੋਈ ਫੈਸਲਾ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹਵਾਈ ਫੌਜ ਦੇ ਸਾਬਕਾ ਮੁਲਾਜ਼ਮ ਨੂੰ 20 ਸਾਲ ਦੀ ਜੇਲ੍ਹ
NEXT STORY