ਪ੍ਰਯਾਗਰਾਜ : ਪ੍ਰਯਾਗਰਾਜ ਪੁਲਸ ਨੇ ਬੁੱਧਵਾਰ ਨੂੰ ਨਕਲੀ ਨੋਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 100 ਰੁਪਏ ਦੇ ਕੁੱਲ 1300 ਨਕਲੀ ਨੋਟ, 234 ਪੰਨਿਆਂ ਦੇ ਪ੍ਰਿੰਟ ਕੀਤੇ (ਅਣਕਟੇ) ਨੋਟ, ਇੱਕ ਲੈਪਟਾਪ, ਇੱਕ ਕਲਰ ਪ੍ਰਿੰਟਰ ਤੇ ਕਾਗਜ਼ ਬਰਾਮਦ ਕੀਤਾ ਹੈ।
ਪੁਲਸ ਦੇ ਡਿਪਟੀ ਕਮਿਸ਼ਨਰ (ਸਿਟੀ) ਦੀਪਕ ਭੁੱਕਰ ਨੇ ਦੱਸਿਆ ਕਿ ਗਿਰੋਹ ਦਾ ਸਰਗਨਾ ਜ਼ਹੀਰ ਖਾਨ ਭਦਰਕ, ਉੜੀਸਾ ਦਾ ਰਹਿਣ ਵਾਲਾ ਹੈ ਅਤੇ ਉਹ ਪ੍ਰਯਾਗਰਾਜ ਦੇ ਕਰੇਲੀ ਵਾਸੀ ਮੁਹੰਮਦ ਅਫਜ਼ਲ ਨਾਲ ਮਿਲ ਕੇ ਮਦਰੱਸੇ ਦੇ ਇੱਕ ਕਮਰੇ ਵਿੱਚ ਜਾਅਲੀ ਨੋਟ ਛਾਪਦਾ ਸੀ। ਉਸ ਨੇ ਦੱਸਿਆ ਕਿ ਪ੍ਰਯਾਗਰਾਜ ਦੇ ਅਤਰਸੂਈਆ ਸਥਿਤ ਮਦਰੱਸੇ ਦੇ ਮੌਲਵੀ ਮੁਹੰਮਦ ਤਫਸੀਰ ਉਲ ਆਰੀਫੀਨ ਨੇ ਨਕਲੀ ਨੋਟ ਛਾਪਣ ਲਈ ਮਦਰੱਸੇ 'ਚ ਵੱਖਰਾ ਕਮਰਾ ਮੁਹੱਈਆ ਕਰਵਾਇਆ ਸੀ ਅਤੇ ਮੁਹੰਮਦ ਸ਼ਾਹਿਦ ਨਕਲੀ ਨੋਟ ਬਣਾਉਣ ਦੇ ਕੰਮ 'ਚ ਸਹਿਯੋਗ ਕਰਦਾ ਸੀ। ਭੁੱਕਰ ਨੇ ਦੱਸਿਆ ਕਿ ਇਹ ਗਿਰੋਹ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਨਕਲੀ ਨੋਟ ਬਣਾਉਣ ਦਾ ਧੰਦਾ ਕਰ ਰਿਹਾ ਸੀ ਅਤੇ 15000 ਰੁਪਏ ਦੇ ਅਸਲੀ ਨੋਟਾਂ ਦੇ ਬਦਲੇ 45,000 ਰੁਪਏ ਦੇ ਨਕਲੀ ਨੋਟ ਮੁਹੱਈਆ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਗਿਰੋਹ ਦਾ ਪਰਦਾਫਾਸ਼ ਕਰਨ ਵਾਲੀ ਪੁਲਸ ਟੀਮ ਲਈ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਹਲਦਵਾਨੀ ਹਿੰਸਾ: ਉੱਤਰਾਖੰਡ ਹਾਈ ਕੋਰਟ ਨੇ 50 ਦੋਸ਼ੀਆਂ ਨੂੰ ਦਿੱਤੀ ਜ਼ਮਾਨਤ
NEXT STORY