ਨਵੀਂ ਦਿੱਲੀ- ਭਾਰਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਹੋਰ ਨੇਤਾਵਾਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ 'ਤੇ ਮੰਗਲਵਾਰ ਨੂੰ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ। ਭਾਰਤ ਨੇ ਇਨ੍ਹਾਂ ਨੂੰ 'ਗੁੰਮਰਾਹਕੁੰਨ ਸੂਚਨਾਵਾਂ' 'ਤੇ ਆਧਾਰਤ ਅਤੇ 'ਅਣਉੱਚਿਤ' ਦੱਸਿਆ, ਕਿਉਂਕਿ ਇਹ ਮਾਮਲਾ ਇਕ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਤ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ,''ਅਸੀਂ ਕੈਨੇਡੀਅਨ ਨੇਤਾਵਾਂ ਵਲੋਂ ਭਾਰਤ 'ਚ ਕਿਸਾਨਾਂ ਨਾਲ ਸੰਬੰਧਤ ਕੁਝ ਅਜਿਹੀਆਂ ਟਿੱਪਣੀਆਂ ਨੂੰ ਦੇਖਿਆ ਹੈ, ਜੋ ਗੁੰਮਰਾਹਕੁੰਨ ਸੂਚਨਾਵਾਂ 'ਤੇ ਆਧਾਰਤ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਅਣਉੱਚਿਤ ਹਨ, ਖਾਸ ਕਰ ਕੇ ਜਦੋਂ ਉਹ ਇਕ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਤ ਹੋਣ।'' ਮੰਤਰਾਲੇ ਨੇ ਇਕ ਸੰਦੇਸ਼ 'ਚ ਕਿਹਾ,''ਬਿਹਤਰ ਹੋਵੇਗਾ ਕਿ ਕੂਟਨੀਤਕ ਗੱਲਬਾਤ ਰਾਜਨੀਤਕ ਉਦੇਸ਼ਾਂ ਲਈ ਗਲਤ ਤਰੀਕੇ ਨਾਲ ਪੇਸ਼ ਨਾ ਕੀਤੇ ਜਾਵੇ।''
ਇਹ ਵੀ ਪੜ੍ਹੋ : ਕੈਨੇਡਾ ਤੱਕ ਪੁੱਜਿਆ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਸੇਕ, ਕਿਸਾਨਾਂ ਦੇ ਹੱਕ 'ਚ ਆਏ ਜਸਟਿਨ ਟਰੂਡੋ
ਟਰੂਡੋ ਨੇ ਦਿੱਤਾ ਸੀ ਇਹ ਬਿਆਨ
ਟਰੂਡੋ ਨੇ ਭਾਰਤ 'ਚ ਅੰਦੋਲਨਕਾਰੀ ਕਿਸਾਨਾਂ ਦਾ ਸੋਮਵਾਰ ਨੂੰ ਸਮਰਥਨ ਕਰਦੇ ਹੋਏ ਕਿਹਾ ਕਿ ਕੈਨੇਡਾ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਅਧਿਕਾਰ ਦਾ ਹਮੇਸ਼ਾ ਬਚਾਅ ਕਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਆਨਲਾਈਨ ਪ੍ਰੋਗਰਾਮ ਦੌਰਾਨ ਟਰੂਡੋ ਨੇ ਕਿਹਾ,''ਹਾਲਾਤ ਬੇਹੱਦ ਚਿੰਤਾਜਨਕ ਹਨ ਅਤੇ ਅਸੀਂ ਪਰਿਵਾਰ ਤੇ ਦੋਸਤਾਂ ਨੂੰ ਲੈ ਕੇ ਪਰੇਸ਼ਾਨ ਹਾਂ। ਸਾਨੂੰ ਪਤਾ ਹੈ ਕਿ ਇਹ ਕਈ ਲੋਕਾਂ ਲਈ ਸੱਚਾਈ ਹੈ। ਤੁਹਾਨੂੰ ਯਾਦ ਦਿਵਾ ਦੇਵਾਂ, ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਰੱਖਿਆ ਲਈ ਕੈਨੇਡਾ ਹਮੇਸ਼ਾ ਖੜ੍ਹਾ ਰਹੇਗਾ।'' ਕੈਨੇਡਾ 'ਚ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ, ਜੋ ਜ਼ਿਆਦਾਤਰ ਪੰਜਾਬ ਤੋਂ ਹਨ। ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਕਿਹਾ,''ਅਸੀਂ ਗੱਲਬਾਤ 'ਚ ਵਿਸ਼ਵਾਸ ਕਰਦੇ ਹਾਂ। ਅਸੀਂ ਭਾਰਤੀ ਅਧਿਕਾਰੀਆਂ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਰੱਖੀਆਂ ਹਨ।''
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਵੀ ਸਥਿਤੀ ਨੂੰ ਲੈ ਕੇ ਚਿੰਤਾ ਜਤਾਈ। ਭਾਰਤੀ ਮੂਲ ਦੇ ਸੱਜਣ ਦੇ ਐਤਵਾਰ ਨੂੰ ਟਵੀਟ ਕੀਤਾ ਸੀ,''ਭਾਰਤ 'ਚ ਸ਼ਾਂਤੀਪੂਰਨ ਪ੍ਰਦਰਸ਼ਨਾਂ 'ਤੇ ਬੇਰਹਿਮੀ ਦਿਖਾਉਣਾ ਪਰੇਸ਼ਾਨ ਕਰਨ ਵਾਲਾ ਹੈ। ਮੇਰੇ ਖੇਤਰ ਦੇ ਕਈ ਲੋਕਾਂ ਦੇ ਪਰਿਵਾਰ ਉੱਥੇ ਹਨ ਅਤੇ ਉਨ੍ਹਾਂ ਨੂੰ ਆਪਣੇ ਲੋਕਾਂ ਦੀ ਚਿੰਤਾ ਹੈ। ਮੈਂ ਇਸ ਮੂਲਭੂਤ ਅਧਿਕਾਰ ਦੀ ਰੱਖਿਆ ਦੀ ਅਪੀਲ ਕਰਦਾ ਹਾਂ।'' ਪੰਜਾਬ, ਹਰਿਆਣਾ ਅਤੇ ਕਈ ਹੋਰ ਸੂਬਿਆਂ ਦੇ ਹਜ਼ਾਰਾਂ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਰਾਸ਼ਟਰੀ ਰਾਜਧਾਨੀ ਦੇ ਸਰਹੱਦ 'ਤੇ ਲਗਾਤਾਰ 6 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕਮੈਂਟ ਬਾਕਸ 'ਚ ਕਰੋ ਰਿਪਲਾਈ
ਸੋਸ਼ਲ ਮੀਡੀਆ 'ਤੇ ਮੋਦੀ ਖ਼ਿਲਾਫ਼ ਲੋਕਾਂ 'ਚ ਰੋਹ, ਕੁਮੈਂਟਸ ਰਾਹੀਂ ਕੱਢੀ ਭੜਾਸ
NEXT STORY