ਸੋਨੀਪਤ— ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਤੋਂ ਖਹਿੜਾ ਛੁਡਾਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੇ ਇਕ ਵੀਡੀਓ ਜਾਰੀ ਕਰ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵਾਰ ਦੀਵਾਲੀ ਪ੍ਰਧਾਨ ਮੰਤਰੀ ਦੇ ਦਰਵਾਜ਼ੇ ’ਤੇ ਮਨਾਵਾਂਗੇ।
ਚਢੂਨੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੜਕਾਂ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਕਿਸਾਨ ਦਿੱਲੀ ਕੂਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਤਿਆਰ ਰਹਿਣ, ਕਦੇ ਵੀ ਸੁਨੇਹਾ ਆ ਸਕਦਾ ਹੈ। ਸੁਨੇਹਾ ਮਿਲਣ ’ਤੇ ਰਾਤ ਨੂੰ ਹੀ ਦਿੱਲੀ ਵੱਲ ਜਾਣਾ ਪੈ ਸਕਦਾ ਹੈ। ਸਰਕਾਰ ਨੂੰ ਅਸੀਂ ਚਿਤਾਵਨੀ ਦੇਣਾ ਚਾਹੁੁੰਦੇ ਹਾਂ ਕਿ ਉਹ ਕਿਸੇ ਭੁਲੇਖੇ ’ਚ ਨਾ ਰਹੇ। ਅਸੀਂ ਸ਼ਾਂਤੀਪੂਰਨ ਬੈਠੇ ਹਾਂ, ਇਸ ਦੇ ਬਾਵਜੂਦ ਜੇਕਰ ਸਰਕਾਰ ਜ਼ਬਰਦਸਤੀ ਕਿਸਾਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦਿੱਲੀ ਕੂਚ ਕਰਾਂਗੇ।
ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਮਾਮਲਾ ਸੁਪਰੀਮ ਕੋਰਟ ਵੀ ਪਹੁੰਚਿਆ ਪਰ ਹੱਲ ਅਜੇ ਤੱਕ ਨਹੀਂ ਨਿਕਲ ਸਕਿਆ ਹੈ।
SBI ਦਾ ਸਾਬਕਾ ਚੇਅਰਮੈਨ ਲੋਨ ਘਪਲੇ 'ਚ ਗ੍ਰਿਫਤਾਰ, 200 ਕਰੋੜ ਦੀ ਜਾਇਦਾਦ 25 ਕਰੋੜ 'ਚ ਵੇਚਣ ਦਾ ਦੋਸ਼
NEXT STORY