ਚੰਡੀਗੜ੍ਹ/ਨਵੀਂ ਦਿੱਲੀ (ਅਸ਼ਵਨੀ)- ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਦੀ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਮਾਹੌਲ ਗਰਮਾ ਗਿਆ ਹੈ। ਪੰਜਾਬ ਦੇ ਪਿੰਡਾਂ ਵਿਚ ਅੱਜ-ਕਲ੍ਹ ਟਰਾਇਲ ਦੇ ਤੌਰ ’ਤੇ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਕੁਝ ਪਿੰਡਾਂ ਵਿਚ ਤਾਂ ਪ੍ਰਭਾਤ ਫੇਰੀ ਦੌਰਾਨ ਵੀ ਟਰੈਕਟਰਾਂ ਦੇ ਕਾਰਵਾਂ ਨਾਲ ਚੱਲ ਰਹੇ ਹਨ। ਤੜਕੇ ਨਿਕਲਣ ਵਾਲੇ ਟਰੈਕਟਰਾਂ ਦਾ ਇਹ ਕਾਰਵਾਂ ਕਿਸਾਨਾਂ ਨੂੰ ਕਾਫ਼ੀ ਉਤਸ਼ਾਹਿਤ ਕਰ ਰਿਹਾ ਹੈ।
‘ਕੁਝ ਪਿੰਡ ਮਿਲ ਕੇ ਇਲਾਕੇ ਵਿਚ ਕਿਸਾਨਾਂ ਨੂੰ ਕਰ ਰਹੇ ਉਤਸ਼ਾਹਿਤ’
ਉਂਝ ਇਹ ਟਰੈਕਟਰ ਪਰੇਡ ਕਿਸਾਨਾਂ ਦੇ ਸਮਰਥਨ ਦਾ ਐਲਾਨ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਕੱਢੀਆਂ ਜਾਣ ਵਾਲੀਆਂ ਪ੍ਰਭਾਤ ਫੇਰੀਆਂ ਨਾਲ ਇਹ ਕਿਸਾਨੀ ਕਾਰਵਾਂ ਧਾਰਮਿਕ ਆਸਥਾ ਨਾਲ ਵੀ ਜੁੜਦਾ ਜਾ ਰਿਹਾ ਹੈ। ਵੱਡੀ ਤਾਦਾਦ ਵਿਚ ਨੌਜਵਾਨ ਸਵੇਰੇ ਪਹੁ ਫੁੱਟਣ ਤੋਂ ਪਹਿਲਾਂ ਜਯਘੋਸ਼ ਲਗਾ ਕੇ ਘਰ-ਘਰ ਵਿਚ ਜੋਸ਼ ਭਰ ਰਹੇ ਹਨ। ਬਰਨਾਲੇ ਦੇ ਪਿੰਡ ਤਾਜੋਕੇ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਗੁਰਦੀਪ ਸਿੰਘ ਮੁਤਾਬਿਕ ਉਨ੍ਹਾਂ ਦੇ ਪਿੰਡ ਦੇ ਕਰੀਬ 50 ਟਰੈਕਟਰ ਅੱਜ-ਕਲ੍ਹ ਹਰ ਰੋਜ਼ ਇਲਾਕੇ ਵਿਚ ਟਰੈਕਟਰ ਪਰੇਡ ਦਾ ਟ੍ਰਾਇਲ ਰਨ ਕਰ ਰਹੇ ਹਨ।
ਇਨ੍ਹਾਂ ਵਿਚੋਂ ਜ਼ਿਆਦਾਤਰ ਟਰੈਕਟਰਾਂ ਵਾਲੇ ਕਿਸਾਨ ਦਿੱਲੀ ਬਾਰਡਰ ਤੋਂ ਆਏ ਹਨ, ਜਿਨ੍ਹਾਂ ਨੂੰ ਹੁਣ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਜਨਤਾ ਨੂੰ ਜਾਗਰੂਕ ਕਰਨ ਲਈ ਭੇਜਿਆ ਗਿਆ ਹੈ। ਇਹ ਕਿਸਾਨ ਟਰੈਕਟਰ ਪਰੇਡ ਤੋਂ ਇਲਾਵਾ ਪਿੰਡ-ਪਿੰਡ ਜਾ ਕੇ ਜਨਤਾ ਨੂੰ ਦਿੱਲੀ ਦੇ ਹਾਲਾਤ ਤੋਂ ਜਾਣੂ ਵੀ ਕਰਵਾ ਰਹੇ ਹਨ। ਨਾਲ ਹੀ, 26 ਜਨਵਰੀ ਨੂੰ ਦਿੱਲੀ ਪਰੇਡ ਵਿਚ ਸ਼ਾਮਲ ਹੋਣ ਲਈ ਸੱਦਾ ਵੀ ਦੇ ਰਹੇ ਹਨ। ਗੁਰਦੀਪ ਸਿੰਘ ਮੁਤਾਬਿਕ ਉਹ ਖੁਦ ਕਰੀਬ ਡੇਢ ਮਹੀਨੇ ਤੱਕ ਦਿੱਲੀ ਬਾਰਡਰ ’ਤੇ ਹੀ ਡਟੇ ਹੋਏ ਸਨ ਅਤੇ ਅਜੇ ਪਿਛਲੇ ਦਿਨੀਂ ਹੀ ਪਿੰਡ ਵਾਪਸ ਆਏ ਹਨ। ਹੁਣ ਦੁਬਾਰਾ ਤੋਂ ਦਿੱਲੀ ਪਰੇਡ ਵਿਚ ਸ਼ਾਮਲ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ।
‘ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਹੁਣ ਤੱਕ ਦਾ ਇਤਿਹਾਸਕ ਸੰਘਰਸ਼’
ਇਸੇ ਕੜੀ ਵਿਚ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਬੈਨਰ ਹੇਠ ਵੀ ਟਰੈਕਟਰ ਪਰੇਡ ਕੱਢੀ ਗਈ ਹੈ। ਇਹ ਟਰੈਕਟਰ ਪਰੇਡ ਪਿੰਡ ਬਸੀਆ ਬੇਟ ਤੋਂ ਸ਼ੁਰੂ ਹੋ ਕੇ ਚੱਕਲਾਂ, ਚੰਗਣ, ਭੱਟੀਆਂ, ਈਸੇਵਾਲ, ਬੀਰਮੀ, ਮਲਕਪੁਰ, ਬਸੈਮੀ, ਗੌਸਪੁਰ ਪਿੰਡਾਂ ਤੋਂ ਹੁੰਦੇ ਹੋਏ ਹੰਬੜਾ ਕਸਬੇ ਵਿਚ ਪਹੁੰਚੀ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਹੰਬੜਾ ਵਿਚ ਇਕ ਜਨਸਭਾ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਿਚ ਕਿਸਾਨ ਨੇਤਾ ਬਲਵਿੰਦਰ ਸਿੰਘ, ਨਰਿੰਦਰ ਸਿੰਘ ਅਤੇ ਕੁਲਜਿੰਦਰ ਬੱਲ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦਾ ਵਿਰੋਧ ਕੀਤਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਹੁਣ ਤੱਕ ਦਾ ਇਤਿਹਾਸਕ ਸੰਘਰਸ਼ ਹੈ। ਹੁਣ ਇਹ ਸੰਘਰਸ਼ ਕਿਸਾਨੀ ਸੰਘਰਸ਼ ਨਾ ਹੋ ਕੇ ਜਨ-ਸੰਘਰਸ਼ ਬਣ ਚੁੱਕਿਆ ਹੈ। ਇਹ ਵੀ ਤੈਅ ਹੈ ਕਿ ਇਸ ਸੰਘਰਸ਼ ਵਿਚ ਜਿੱਤ ਕਿਸਾਨ ਮਜਦੂਰ ਅਤੇ ਕਰਮਚਾਰੀ ਸੰਗਠਨਾਂ ਦੀ ਹੋਵੇਗੀ।
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਰਾਜ ਪੱਧਰੀ ਕਮੇਟੀ ਦੇ ਨੇਤਾ ਗੁਰਦੀਪ ਬਾਸੀ ਨੇ ਕਿਸਾਨ ਸੰਗਠਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਕਿਸਾਨ ਅੰਦੋਲਨ ਵਿਚ ਨਾਲ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ। ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ, ਕ੍ਰਿਸ਼ਣ ਚੰਦਰ ਮਹਾਜਨ ਅਤੇ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਵਿਚ ਕੇਂਦਰ ਦੇ ਖੇਤੀਬਾੜੀ ਕਾਨੂੰਨ ਰੱਦ ਹੋਣ ਤੱਕ ਐਸੋਸੀਏਸ਼ਨ ਕਿਸਾਨ ਸੰਗਠਨਾਂ ਨੂੰ ਹਰਸੰਭਵ ਮਦਦ ਉਪਲੱਬਧ ਕਰਵਾਏਗੀ।
‘ਭਰਤੀ ਮੁਹਿੰਮ ਚਲਾ ਕੇ ਹੋ ਰਹੀ ਰਜਿਸਟਰੇਸ਼ਨ’
ਪ੍ਰਸਤਾਵਿਤ ਟਰੈਕਟਰ ਪਰੇਡ ਨੂੰ ਦੇਖਦਿਆਂ ਪੰਜਾਬ ਭਰ ਵਿਚ ਭਰਤੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਜੋ ਟਰੈਕਟਰ ਮਾਲਕ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਦੀ ਇੱਛਾ ਜਤਾ ਰਹੇ ਹਨ, ਉਨ੍ਹਾਂ ਦਾ ਨਾਮ ਰਜਿਸਟਰ ਵਿਚ ਦਰਜ ਕੀਤਾ ਜਾ ਰਿਹਾ ਹੈ। ਕਿਸਾਨ ਨੇਤਾਵਾਂ ਮੁਤਾਬਿਕ ਉਂਝ ਤਾਂ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਅੰਦੋਲਨ ਕਰਨ ਵਾਲੇ ਕਿਸਾਨਾਂ ਦੀ ਸੂਚੀ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਪਰ ਟਰੈਕਟਰ ਪਰੇਡ ਨੂੰ ਇਤਿਹਾਸਕ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
CRPF ਅਤੇ DRDO ਨੇ ਮਿਲ ਕੇ ਬਣਾਈ ਬਾਈਕ ਐਂਬੂਲੈਂਸ, ਮੰਗਲਵਾਰ ਨੂੰ ਹੋਵੇਗੀ ਲਾਂਚ
NEXT STORY