ਬਾਰਾਬੰਕੀ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਨਾਲ ਲੱਗਦੇ ਬਾਰਾਬੰਕੀ 'ਚ ਸਹੁਰੇ ਨੇ ਪੈਸਿਆਂ ਲਈ ਆਪਣੀ ਨੂੰਹ ਦਾ ਹੀ ਸੌਦਾ ਕਰ ਦਿੱਤਾ। ਉਸ ਨੇ ਗੁਜਰਾਤ ਦੇ ਇਕ ਨੌਜਵਾਨ ਨੂੰ 80 ਹਜ਼ਾਰ 'ਚ ਉਸ ਨੂੰ ਵੇਚ ਦਿੱਤਾ। ਇੰਨਾ ਹੀ ਨਹੀਂ ਨੂੰਹ ਨੂੰ ਧੋਖੇ 'ਚ ਰੱਖ ਕੇ ਉਸ ਨਾਲ ਭੇਜ ਵੀ ਦਿੱਤਾ। ਜਾਣਕਾਰੀ 'ਤੇ ਪਤੀ ਨੇ ਸ਼ਿਕਾਇਤ ਕੀਤੀ ਤਾਂ ਮਹਿਲਾ ਥਾਣਾ ਪੁਲਸ ਨੇ ਗੁਜਰਾਤ ਤੋਂ ਵਿਆਹ ਕਰਨ ਆਏ ਨੌਜਵਾਨ ਸਮੇਤ ਕੁੱਲ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਮਨੁੱਖੀ ਤਸਕਰੀ ਦਾ ਮੁਕੱਦਮਾ ਲਿਖਿਆ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਡਾ. ਅਵਧੇਸ਼ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਰਾਮਨਗਰ ਦੇ ਮੱਲਾਪੁਰ ਪਿੰਡ 'ਚ ਰਹਿਣ ਵਾਲੇ ਚੰਦਰਰਾਮ ਵਰਮਾ ਦੇ ਪੁੱਤਰ ਪ੍ਰਿੰਸ ਨੇ 2019 'ਚ ਆਸਾਮ ਦੀ ਇਕ ਕੁੜੀ ਨਾਲ ਪ੍ਰੇਮ ਵਿਆਹ ਕਰ ਲਿਆ ਸੀ। ਪ੍ਰਿੰਸ ਇਸ ਕੁੜੀ ਨਾਲ ਇੰਟਰਨੈੱਟ ਰਾਹੀਂ ਸੰਪਰਕ 'ਚ ਆਇਆ ਸੀ। ਪ੍ਰਿੰਸ ਆਪਣੀ ਪਤਨੀ ਨਾਲ ਗਾਜ਼ੀਆਬਾਦ 'ਚ ਰਹਿੰਦਾ ਅਤੇ ਟੈਕਸੀ ਚਲਾਉਂਦਾ ਸੀ। ਇਸੇ ਪਿੰਡ ਦਾ ਰਾਮੂ ਗੌਤਮ ਜੋ ਗੁਜਰਾਤ ਦੇ ਅਹਿਮਦਾਬਾਦ 'ਚ ਰਹਿੰਦਾ ਸੀ, ਲਾਕਡਾਊਨ 'ਚ ਵਾਪਸ ਆਇਆ ਅਤੇ ਉਸ ਨੇ ਚੰਦਰਰਾਮ ਨੂੰ ਦੱਸਿਆ ਕਿ ਅਹਿਮਦਾਬਾਦ ਦੇ ਉਮੇਡਾ ਆਡੇਵ ਆਦਿਨਾਥ ਨਗਰ 'ਚ ਰਹਿਣ ਵਾਲੇ ਸਾਹਿਲ ਪੰਚਾ ਦਾ ਵਿਆਹ ਨਹੀਂ ਹੋ ਰਿਹਾ ਹੈ। ਉਸ ਨੂੰ ਦੁਲਹਨ ਚਾਹੀਦੀ ਹੈ, ਜਿਸ ਲਈ ਉਹ ਪੈਸੇ ਦੇਵੇਗਾ।
ਇਸ 'ਤੇ ਚੰਦਰਰਾਮ ਨੇ ਆਪਣੇ ਪੁੱਤਰ ਪ੍ਰਿੰਸ ਦੀ ਪਤਨੀ ਨੂੰ ਹੀ ਵੇਚਣ ਦੀ ਸਾਜਿਸ਼ ਰਚ ਦਿੱਤੀ। ਇਸ ਦੇ ਅਧੀਨ ਚੰਦਰਾਮ ਨੇ ਪ੍ਰਿੰਸ ਨੂੰ ਆਪਣੀ ਸਿਹਤ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਤਿੰਨ ਜੂਨ ਨੂੰ ਨੂੰਹ ਨੂੰ ਬੁਲਾ ਲਿਆ। ਪਹਿਲਾਂ ਤੋਂ ਤੈਅ ਸਾਜਿਸ਼ ਦੇ ਅਧੀਨ ਰਾਮੂ ਗੌਤਮ ਨੇ ਅਹਿਮਦਾਬਾਦ ਤੋਂ ਸਾਹਿਲ ਅਤੇ ਉਸ ਦੇ ਕੁਝ ਰਿਸ਼ਤੇਦਾਰਾਂ ਨੂੰ ਦੁਲਹਨ ਦੇਣ ਲਈ ਬੁਲਾ ਲਿਆ ਸੀ। ਇਸ ਵਿਚ ਪ੍ਰਿੰਸ ਨੂੰ ਆਪਣੇ ਜੀਜੇ ਤੋਂ ਇਸ ਸਾਜਿਸ਼ ਦੀ ਜਾਣਕਾਰੀ ਮਿਲੀ ਤਾਂ ਉਹ 5 ਜੂਨ ਨੂੰ ਘਰ ਪਹੁੰਚ ਗਿਆ ਪਰ ਉੱਥੇ ਨਾ ਉਸ ਦੀ ਪਤਨੀ ਸੀ ਅਤੇ ਨਾ ਹੀ ਪਿਤਾ। ਲੱਭਣ ਦੌਰਾਨ ਜਾਣਕਾਰੀ ਹੋਈ ਕਿ ਅਹਿਮਦਾਬਾਦ ਤੋਂ ਆਏ ਲੋਕ ਉਸ ਦੀ ਪਤਨੀ ਨੂੰ ਲਿਜਾ ਰਹੇ ਹਨ। ਪ੍ਰਿੰਸ ਨੇ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮਹਿਲਾ ਥਾਣਾ ਇੰਚਾਰਜ ਨੇ ਪੁਲਸ ਟੀਮ ਨਾਲ ਰੇਲਵੇ ਸਟੇਸ਼ਨ ਤੋਂ ਜਨਾਨੀ ਨੂੰ ਬਰਾਮਦ ਕਰ ਕੇ ਵਿਆਹ ਕਰਨ ਆਏ ਨੌਜਵਾਨ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਜਨਾਨੀ ਨੂੰ ਉਸ ਦੇ ਸਹੁਰੇ ਨੇ ਇਹ ਕਹਿ ਕੇ ਦੋਸ਼ੀਆਂ ਨਾਲ ਭੇਜਿਆ ਸੀ ਕਿ ਉਹ ਲੋਕ ਉਸ ਨੂੰ ਗਾਜ਼ੀਆਬਾਦ 'ਚ ਪਤੀ ਪ੍ਰਿੰਸ ਕੋਲ ਛੱਡ ਦੇਣਗੇ। ਪੁਲਸ ਨੇ ਦੱਸਿਆ ਕਿ ਮਾਮਲਾ ਮਨੁੱਖੀ ਤਸਕਰੀ ਦਾ ਹੈ, ਇਸ 'ਚ ਫਰਾਰ ਚੰਦਰਰਾਮ ਅਤੇ ਰਾਮੂ ਗੌਤਮ ਦੀ ਭਾਲ ਚੱਲ ਰਹੀ ਹੈ। ਪ੍ਰਿੰਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਪਹਿਲਾਂ ਹੀ ਕੁੜੀਆਂ ਦੀ ਖਰੀਦ-ਫਰੋਖਤ ਕਰ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਗੌਰਖਪੁਰ ਦੇਵਰੀਆ ਬਿਹਾਰ ਆਦਿ ਸਥਾਨਾਂ ਤੋਂ ਕੁੜੀਆਂ ਖਰੀਦ ਕੇ ਲਿਆਉਂਦਾ ਹੈ ਅਤੇ ਵਿਆਹ ਕਰਨ ਵਾਲੇ ਲੋਕਾਂ ਨੂੰ 40 ਤੋਂ 50 ਹਜ਼ਾਰ ਰੁਪਏ 'ਚ ਉਨ੍ਹਾਂ ਦੇ ਹੱਥ ਵੇਚ ਦਿੰਦਾ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਮੋਦੀ ਸਰਕਾਰ ’ਚ ਲਗਾਤਾਰ ਆ ਰਹੀ ਹੈ ਟੈਕਸ ਵਾਧੇ ਦੀ ਲਹਿਰ: ਰਾਹੁਲ
NEXT STORY