ਬੈਂਗਲੁਰੂ : ਤਕਰੀਬਨ ਇੱਕ ਸਾਲ ਦੀ ਤਫਤੀਸ਼ ਤੋਂ ਬਾਅਦ ਆਖ਼ਿਰਕਾਰ ਬੈਂਗਲੁਰੂ ਪੁਲਸ ਨੇ ਇੱਕ ਸਾਲ ਦੇ ਬੱਚੇ ਨੂੰ ਉਸ ਦੇ ਅਸਲੀ ਮਾਂ-ਬਾਪ ਨਾਲ ਮਿਲਾ ਦਿੱਤਾ। ਇਸ ਬੱਚੇ ਨੂੰ ਇੱਕ ਮਹਿਲਾ ਡਾਕਟਰ ਨੇ 14 ਲੱਖ ਰੁਪਏ ਵਿੱਚ ਇੱਕ ਜੋੜੇ ਨੂੰ ਉਨ੍ਹਾਂ ਦਾ ਸੈਰੋਗੇਟ ਬੱਚਾ ਕਹਿ ਕੇ ਵੇਚ ਦਿੱਤਾ ਸੀ। ਪੁਲਸ ਮੁਤਾਬਕ ਦੋਸ਼ੀ ਡਾਕਟਰ ਰਸ਼ਮੀ ਨੇ ਬੈਂਗਲੁਰੂ ਦੇ ਇੱਕ ਹਸਪਤਾਲ ਤੋਂ ਇੱਕ ਨਵਜਾਤ ਬੱਚੇ ਨੂੰ ਉਸ ਦੇ ਜਨਮ ਦੇ ਕੁੱਝ ਘੰਟਿਆਂ ਬਾਅਦ ਹੀ ਚੋਰੀ ਕਰ ਲਿਆ ਸੀ ਅਤੇ ਫਿਰ ਉਸ ਨੂੰ ਇੱਕ ਜੋੜੇ ਨੂੰ ਇਸ ਦਾਅਵੇ ਨਾਲ ਵੇਚ ਦਿੱਤਾ ਕਿ ਉਹ ਬੱਚਾ ਉਨ੍ਹਾਂ ਦਾ ਸਰੋਗੇਸੀ ਨਾਲ ਹੋਇਆ ਬੱਚਾ ਹੈ।
ਬੈਂਗਲੁਰੂ ਪੁਲਸ ਦੇ ਡੀ.ਸੀ.ਪੀ. ਹਰੀਸ਼ ਪਾਂਡੇ ਨੇ ਕਿਹਾ ਕਿ ਜੋੜੇ ਨੂੰ ਪੂਰਾ ਭਰੋਸਾ ਦਿਵਾਇਆ ਗਿਆ ਕਿ ਉਹ ਸਰੋਗੇਸੀ ਦੀ ਪ੍ਰਕਿਰਿਆ ਨਾਲ ਪੈਦਾ ਹੋਇਆ ਉਨ੍ਹਾਂ ਦਾ ਹੀ ਬੱਚਾ ਹੈ ਪਰ ਸਾਡੀ ਜਾਂਚ ਵਿੱਚ ਪਤਾ ਲੱਗਾ ਕਿ ਉਹ ਗਲਤ ਬੋਲ ਰਹੀ ਹੈ। ਇਹ ਸਿੱਧਾ ਮਾਮਲਾ ਕਿਡਨੈਪਿੰਗ ਦਾ ਹੈ।
ਦਰਅਸਲ ਸਾਲ 2019 ਵਿੱਚ ਇਸ ਡਾਕਟਰ ਦੀ ਮੁਲਾਕਾਤ ਜੋੜੇ ਨਾਲ ਹੋਈ ਸੀ। ਉਸੇ ਸਾਲ ਉਸ ਨੇ ਸਾਢੇ 14 ਲੱਖ ਰੁਪਏ ਵਿੱਚ ਸਰੋਗੇਸੀ ਨਾਲ ਬੱਚੇ ਲਈ ਕਰਾਰ ਕੀਤਾ ਅਤੇ ਪਤੀ ਦਾ ਸੈਂਪਲ ਲਿਆ। ਸੰਨ 2020 ਵਿੱਚ ਬੈਂਗਲੁਰੂ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਬੱਚੇ ਦੀ ਮਾਂ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਉਸ ਨੂੰ ਚੋਰੀ ਕਰ ਲਿਆ।
ਇਸ 'ਤੇ ਬੱਚੇ ਦੇ ਗਰੀਬ ਮਾਂ-ਬਾਪ ਨੇ ਤੁਰੰਤ ਪੁਲਸ ਵਿੱਚ ਮਾਮਲਾ ਦਰਜ ਕਰਾਇਆ। ਪੁਲਸ ਨੇ ਤਕਰੀਬਨ 700 ਲੋਕਾਂ ਤੋਂ ਪੁੱਛਗਿੱਛ ਕੀਤੀ। ਇੱਕ ਸਾਲ ਦੀ ਜਾਂਚ-ਪੜਤਾਲ ਤੋਂ ਬਾਅਦ ਡਾ. ਰਸ਼ਮੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਿਰ ਬੱਚੇ ਨੂੰ ਉਸ ਦੇ ਅਸਲੀ ਮਾਂ-ਬਾਪ ਨੂੰ ਸੌਂਪ ਦਿੱਤਾ।
ਹਰੀਸ਼ ਪਾਂਡੇ ਨੇ ਡਾਕਟਰ ਰਸ਼ਮੀ ਬਾਰੇ ਕਿਹਾ ਕਿ ਉਹ ਬੈਂਗਲੁਰੂ ਦੇ ਇੱਕ ਵੱਡੇ ਹਸਪਤਾਲ ਵਿੱਚ ਕੰਮ ਕਰ ਰਹੀ ਸੀ। ਉਹ ਐੱਮ.ਬੀ.ਬੀ.ਐੱਸ. ਡਾਕਟਰ ਨਹੀਂ ਹੈ ਪਰ ਮਨੋਵਿਗਿਆਨ ਵਿੱਚ ਡਾਕਟਰੀ ਕੀਤੀ ਹੈ। ਇਸ ਡਾਕਟਰ ਨੇ ਮਹਿਲਾ ਹੋਣ ਦੇ ਬਾਵਜੂਦ ਆਪਣੇ ਹੀ ਵਰਗੀ ਇੱਕ ਦੂਜੀ ਜਨਾਨੀ ਦੇ ਬੱਚੇ ਦਾ ਸੌਦਾ ਕੀਤਾ ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ। ਅੱਜ ਇਹ ਬੱਚਾ ਆਪਣੇ ਅਸਲੀ ਮਾਂ-ਬਾਪ ਦੇ ਨਾਲ ਹੈ ਅਤੇ ਡਾਕਟਰ ਰਸ਼ਮੀ ਸਲਾਖਾਂ ਦੇ ਪਿੱਛੇ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅੱਤਵਾਦੀਆਂ ਨੇ ਕੀਤੀ BJP ਨੇਤਾ ਦੀ ਗੋਲੀ ਮਾਰ ਕੇ ਹੱਤਿਆ
NEXT STORY