ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਹਰਖ ਵਿਕਾਸ ਖੰਡ ਸਥਿਤ ਕੰਪੋਜ਼ਿਟ ਸਕੂਲ ਉਦਵਾਪੁਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਸਕੂਲ ਦੀ ਇੱਕ ਮਹਿਲਾ ਅਧਿਆਪਕਾ ਨੇ ਸਕੂਲ ਕੰਪਲੈਕਸ ਦੇ ਅੰਦਰ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ 40 ਸਾਲਾ ਉਮਾ ਵਰਮਾ ਵਜੋਂ ਹੋਈ ਹੈ, ਜੋ ਇਸੇ ਸਕੂਲ ਵਿੱਚ ਸਹਾਇਕ ਅਧਿਆਪਕਾ ਵਜੋਂ ਤਾਇਨਾਤ ਸੀ। ਇਸ ਘਟਨਾ ਤੋਂ ਬਾਅਦ ਸਕੂਲ ਸਟਾਫ਼, ਪਿੰਡ ਵਾਸੀਆਂ ਅਤੇ ਸਿੱਖਿਆ ਵਿਭਾਗ ਵਿੱਚ ਹਫੜਾ-ਦਫੜੀ ਮਚ ਗਈ ਹੈ।
ਮ੍ਰਿਤਕਾ ਦੇ ਪਤੀ ਰਿਸ਼ੀ ਵਰਮਾ, ਜੋ ਖ਼ੁਦ ਵੀ ਸਿੱਖਿਆ ਵਿਭਾਗ ਵਿੱਚ ਅਧਿਆਪਕ ਹਨ, ਨੇ ਸਕੂਲ ਸਟਾਫ਼ 'ਤੇ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦਾ ਸਟਾਫ਼ ਪਿਛਲੇ ਢਾਈ ਸਾਲਾਂ ਤੋਂ ਉਮਾ ਨੂੰ ਮਾਨਸਿਕ ਤੌਰ 'ਤੇ ਪ੍ਰਤਾੜਿਤ ਕਰ ਰਿਹਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਜਦੋਂ ਉਮਾ ਮਨ ਲਗਾ ਕੇ ਬੱਚਿਆਂ ਨੂੰ ਪੜ੍ਹਾਉਂਦੀ ਸੀ, ਤਾਂ ਸਟਾਫ਼ ਦੇ ਲੋਕ ਉਸ 'ਤੇ ਨਿਸ਼ਾਨਾ ਸਾਧਦੇ ਅਤੇ ਟਿੱਪਣੀਆਂ ਕਰਦੇ ਸਨ। ਮ੍ਰਿਤਕਾ ਦੇ ਭਰਾ ਸ਼ਿਵਾਕਾਂਤ ਅਨੁਸਾਰ, ਉਮਾ ਨੂੰ ਅਕਸਰ ਇਹ ਕਹਿ ਕੇ ਤੰਗ ਕੀਤਾ ਜਾਂਦਾ ਸੀ ਕਿ 'ਬੜੀ ਪੜ੍ਹਾਉਣ ਵਾਲੀ ਹੈ, ਇਸ ਨੂੰ ਐਵਾਰਡ ਚਾਹੀਦਾ ਹੈ'।
ਮ੍ਰਿਤਕਾ ਦੇ ਭਰਾ ਨੇ ਘਟਨਾ ਨੂੰ ਸ਼ੱਕੀ ਦੱਸਦਿਆਂ ਦੋਸ਼ ਲਾਇਆ ਕਿ ਜਿਸ ਕਮਰੇ ਵਿੱਚ ਫਾਹਾ ਲਗਾਇਆ ਗਿਆ, ਉਸ ਦਾ ਦਰਵਾਜ਼ਾ ਅੰਦਰੋਂ ਬੰਦ ਨਹੀਂ ਸੀ। ਉਨ੍ਹਾਂ ਅਨੁਸਾਰ, ਪੁਲਸ ਨੂੰ ਬੁਲਾਉਣ ਤੋਂ ਪਹਿਲਾਂ ਸਟਾਫ਼ ਨੇ ਉੱਥੇ ਮੌਜੂਦ ਚੀਜ਼ਾਂ ਨਾਲ ਛੇੜਛਾੜ ਕੀਤੀ। ਪਰਿਵਾਰ ਨੇ ਸਹਾਇਕ ਅਧਿਆਪਕ ਸੁਸ਼ੀਲ ਵਰਮਾ ਅਤੇ ਇੰਚਾਰਜ ਸੀਤਾਵਤੀ ਸਮੇਤ ਕੁਝ ਹੋਰ ਮਹਿਲਾ ਅਧਿਆਪਕਾਵਾਂ 'ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪਤੀ ਨੇ ਇਹ ਵੀ ਦੋਸ਼ ਲਾਇਆ ਕਿ ਜੇਕਰ ਸਟਾਫ਼ ਸਮੇਂ ਸਿਰ ਉਮਾ ਨੂੰ ਉਤਾਰ ਕੇ ਹਸਪਤਾਲ ਲੈ ਜਾਂਦਾ, ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਤਰਿਖ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਨਵੀਨ ਕੁਮਾਰ ਪਾਠਕ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕਾ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਹੈ।
ਬਿਹਾਰ 'ਚ ਸਥਾਪਤ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਸ਼ਿਵਲਿੰਗ, 33 ਫੁੱਟ ਹੈ ਉੱਚਾਈ
NEXT STORY