ਅਲਵਰ (ਵਾਰਤਾ)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸੂਬੇ ਵਿਚ ਆਉਣ ਵਾਲੀ ਇਕ ਅਪ੍ਰੈਲ ਤੋਂ ਬੀ.ਪੀ.ਐੱਲ. ਗਰੀਬ ਅਤੇ ਉੱਜਵਲਾ ਯੋਜਨਾ ਨਾਲ ਜੁੜੇ ਗੈਸ ਧਾਰਕਾਂ ਨੂੰ ਗੈਸ ਸਿਲੰਡਰ 500 ਰੁਪਏ ਵਿਚ ਦਿੱਤਾ ਜਾਵੇਗਾ। ਗਹਿਲੋਤ ਨੇ ਸੋਮਵਾਰ ਨੂੰ ਅਲਵਰ ਜ਼ਿਲ੍ਹੇ ਦੇ ਮਾਲਾਖੇੜਾ 'ਚ ਆਯੋਜਿਤ ਭਾਰਤ ਜੋੜੋ ਯਾਤਰਾ ਦੀ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਬਜਟ ਪੇਸ਼ ਕਰਨਾ ਹੈ, ਜਿਸ 'ਚ ਕਾਫ਼ੀ ਐਲਾਨ ਕਰਨਾ ਹੈ ਪਰ ਮੈਂ ਇਸ ਸਭਾ 'ਚ ਇਹ ਐਲਾਨ ਕਰਦਾ ਹਾਂ ਕਿ ਬੀਪੀਐੱਲ ਗਰੀਬ ਅਤੇ ਉੱਜਵਲਾ ਯੋਜਨਾ ਨਾਲ ਜੁੜੇ ਗੈਸ ਧਾਰਕਾਂ ਨੂੰ 500 'ਚ ਸਿਲੰਡਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਉੱਜਵਲਾ ਦੇ ਨਾਂ ’ਤੇ ਗੈਸ ਸਿਲੰਡਰ ਤਾਂ ਦੇ ਦਿੱਤੇ ਹਨ ਪਰ ਹੁਣ ਗੈਸ ਸਿਲੰਡਰ ਦੀ ਕੀਮਤ ਇੰਨੀ ਹੋ ਗਈ ਹੈ ਕਿ ਗਰੀਬ ਆਦਮੀ ਉਸ ਨੂੰ ਖਰੀਦ ਨਹੀਂ ਸਕਦਾ ਹੈ। 400 ਦਾ ਸਿਲੰਡਰ 1040 ਦਾ ਹੋ ਗਿਆ, ਇਸ ਲਈ ਰਾਜਸਥਾਨ ਵਿਚ ਉਨ੍ਹਾਂ ਨੂੰ ਇਹ ਸੌਗਾਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਭਾਜਪਾ 'ਤੇ ਤੰਜ਼- ਨਫ਼ਰਤ ਦੇ ਬਜ਼ਾਰ 'ਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ
ਉਨ੍ਹਾਂ ਦੱਸਿਆ ਕਿ ਰਾਜਸਥਾਨ 'ਚ ਬਹੁਤ ਸਾਰੇ ਕੰਮ ਹੋਏ ਹਨ, ਕੋਰੋਨਾ 'ਚ ਕੀਤੇ ਗਏ ਕੰਮਾਂ ਦੀ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ ਹੈ। ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਚਿਰੰਜੀਵ ਸਕੀਮ ਦੇਸ਼ 'ਚ ਕਿਤੇ ਵੀ ਨਹੀਂ ਹੈ ਈਆਰਸੀਪੀ ਦੀ ਸਕੀਮ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਭੁੱਲ ਗਏ ਹਨ। ਉਨ੍ਹਾਂ ਨੂੰ ਇਹ ਸਕੀਮ ਲਾਗੂ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਕਿਹਾ ਕਿ ਅਸੀਂ ਇਸ ਸਕੀਮ ਨੂੰ ਆਪਣੇ ਤੌਰ 'ਤੇ ਲਾਗੂ ਕਰਾਂਗੇ। ਉਨ੍ਹਾਂ ਮਹਿੰਗਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਿੰਗਾਈ ਹਰ ਵਰਗ ਨੂੰ ਪ੍ਰੇਸ਼ਾਨ ਕਰ ਰਹੀ ਹੈ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਅ ਨਹੀਂ ਮਿਲ ਰਿਹਾ। ਉਨ੍ਹਾਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਪਾਰਟੀ ਦਾ ਪੂਰਾ ਪਰਿਵਾਰ ਦੇਸ਼ ਲਈ ਜਾਨਾਂ ਵਾਰ ਗਿਆ ਉਸ ਪਾਰਟੀ ਦੇ ਰਾਹੁਲ ਗਾਂਧੀ ਨੂੰ ਇਨਕਮ ਟੈਕਸ ਦੇ ਛਾਪੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਅਸੀਂ ਡਰਨ ਵਾਲੇ ਨਹੀਂ। ਇਹ ਯਾਤਰਾ ਦੇਸ਼ 'ਚ ਨਫ਼ਰਤ ਦੇ ਮਾਹੌਲ ਨੂੰ ਲੈ ਕੇ ਕੱਢੀ ਜਾ ਰਹੀ ਹੈ, ਜਿੱਥੇ ਕੋਈ ਡਰ, ਕੋਈ ਨਫ਼ਰਤ ਦਾ ਮਾਹੌਲ ਨਹੀਂ ਹੈ। ਗਹਿਲੋਤ ਨੇ ਕਿਹਾ ਕਿ ਸੂਬੇ 'ਚ ਹੁਣ ਤੱਕ 135000 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, 125000 ਨੌਕਰੀਆਂ ਦੀ ਪ੍ਰੀਖਿਆ ਚੱਲ ਰਹੀ ਹੈ ਅਤੇ ਇਕ ਲੱਖ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਮਲੀਲਾ ਮੈਦਾਨ ’ਤੇ ‘ਗਰਜਨਾ ਰੈਲੀ’ 'ਚ ਗਰਜੇ ਕਿਸਾਨ, ਸਰਕਾਰ ਅੱਗੇ ਰੱਖੀਆਂ ਇਹ ਮੰਗਾਂ
NEXT STORY