ਨੈਸ਼ਨਲ ਡੈਸਕ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੁੱਧਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਚੰਪਈ ਸੋਰੇਨ ਹੁਣ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਝਾਰਖੰਡ ਸਰਕਾਰ ਦੇ ਮੰਤਰੀ ਬੰਨਾ ਗੁਪਤਾ ਨੇ ਕਿਹਾ ਕਿ ਅਸੀਂ ਚੰਪਈ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ।
ਦੱਸਣਯੋਗ ਹੈ ਕਿ ਕਥਿਤ ਜ਼ਮੀਨੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਈ.ਡੀ. ਨੇ ਬੁੱਧਵਾਰ ਰਾਂਚੀ ਵਿੱਚ ਹੇਮੰਤ ਸੋਰੇਨ ਕੋਲੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਹਮਾਇਤੀਆਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਸੋਰੇਨ ਜੇਲ੍ਹ ਜਾਂਦੇ ਹਨ ਤਾਂ ਅਸੀਂ ਵੀ ਉਨ੍ਹਾਂ ਦੇ ਨਾਲ ਜਾਵਾਂਗੇ।
ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੇ ਸੈਂਕੜੇ ਵਰਕਰ ਅਤੇ ਹਮਾਇਤੀ ਰਾਂਚੀ ਦੇ ਮੁਰਹਾਬਾਦੀ ਮੈਦਾਨ ’ਚ ਇਕੱਠੇ ਹੋਏ। ਉਨ੍ਹਾਂ ਸੋਰੇਨ ਤੋਂ ਪੁੱਛਗਿੱਛ ਦਾ ਵਿਰੋਧ ਕੀਤਾ। ਹਮਾਇਤੀਆਂ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੋਰੇਨ ਨੂੰ ਉਨ੍ਹਾਂ ਦੀ ਕਬਾਇਲੀ ਪਛਾਣ ਲਈ ਨਿਸ਼ਾਨਾ ਬਣਾ ਰਹੀ ਹੈ।
ਜਮਸ਼ੇਦਪੁਰ ਤੋਂ ਇੱਥੇ ਆਏ ਜੇ.ਐੱਮ.ਐੱਮ. ਦੇ ਆਗੂ ਝਰਨਾ ਪਾਲ ਨੇ ਕਿਹਾ ਕਿ ਹੇਮੰਤ ਸੋਰੇਨ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਆਦਿਵਾਸੀ ਹਨ, ਪਰ ਉਹ ਸਾਡੇ ਲਈ ਭਗਵਾਨ ਵਾਂਗ ਹਨ। ਅਸੀਂ ਉਨ੍ਹਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ।
ਸੋਰੇਨ ਨੇ ਈ.ਡੀ. ਦੇ ਅਧਿਕਾਰੀਆਂ ਵਿਰੁੱਧ ਦਰਜ ਕਰਵਾਈ ਐੱਫ.ਆਈ.ਆਰ.
ਸੋਰੇਨ ਨੇ ਈ.ਡੀ. ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਥਾਣੇ ’ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਸੂਤਰਾਂ ਨੇ ਦੱਸਿਆ ਕਿ ਸੋਰੇਨ ਨੇ ਆਪਣੇ ਦਿੱਲੀ ਸਥਿਤ ਘਰ ’ਤੇ ਕੇਂਦਰੀ ਜਾਂਚ ਏਜੰਸੀ ਵਲੋਂ ਲਈ ਗਈ ਤਲਾਸ਼ੀ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਚੰਪਈ ਸੋਰੇਨ ਕੌਣ ਹੈ?
ਚੰਪਈ ਨੂੰ ਹੇਮੰਤ ਸੋਰੇਨ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਚੰਪਈ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਇਸ ਸਮੇਂ ਉਹ ਝਾਰਖੰਡ ਮੁਕਤੀ ਮੋਰਚਾ ਪਾਰਟੀ ਦੇ ਸਰਾਇਕੇਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਇੱਕ ਕੈਬਨਿਟ ਮੰਤਰੀ ਵਜੋਂ ਉਹ ਹੇਮੰਤ ਸੋਰੇਨ ਸਰਕਾਰ ਵਿੱਚ ਟਰਾਂਸਪੋਰਟ, ਅਨੁਸੂਚਿਤ ਜਨਜਾਤੀ, ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਚੰਪਈ 2005 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਾਰਖੰਡ ਦੇ CM ਹੇਮੰਤ ਸੋਰੇਨ ਨੇ ਦਿੱਤਾ ਅਸਤੀਫ਼ਾ, ਚੰਪਾਈ ਸੋਰੇਨ ਹੋਣਗੇ ਨਵੇਂ ਮੁੱਖ ਮੰਤਰੀ
NEXT STORY