ਨੈਸ਼ਨਲ ਡੈਸਕ : ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਦ ਅਥਾਰਟੀ (FSSAI) ਨੇ ਦੇਸ਼ ਦੇ ਦੋ ਵੱਡੇ ਮਸਾਲਾ ਬ੍ਰਾਂਡਾਂ ਐਵਰੇਸਟ ਤੇ ਲਾਲਜੀ ਗੋਧੂ ਦੀ ਕੰਪਾਊਂਡਡ ਹਿੰਗ ਦੀ ਦੇਸ਼ ਭਰ ਵਿੱਚ ਵਿਕਰੀ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਜਾਂਚ ਦੌਰਾਨ ਇਨ੍ਹਾਂ ਦੋਵਾਂ ਕੰਪਨੀਆਂ ਦੇ ਹਿੰਗ ਦੇ ਸੈਂਪਲ ਤੈਅ ਮਾਪਦੰਡਾਂ ਤੋਂ ਕਾਫੀ ਹੇਠਾਂ (ਘਟੀਆ ਗੁਣਵੱਤਾ ਦੇ) ਪਾਏ ਜਾਣ ਤੋਂ ਬਾਅਦ ਲਿਆ ਗਿਆ ਹੈ। ਇਸ ਪੂਰੇ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਇੱਕ ਗਾਹਕ ਨੇ ਹਿੰਗ ਦੀ ਗੁਣਵੱਤਾ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ FSSAI ਨੇ ਬਾਜ਼ਾਰ ਵਿੱਚ ਮੌਜੂਦ ਸਾਰੇ ਵੱਡੇ ਹਿੰਗ ਬ੍ਰਾਂਡਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਦੋਵਾਂ ਕੰਪਨੀਆਂ ਦੀਆਂ ਮੁੰਬਈ ਸਥਿਤ ਕੇਂਦਰੀ ਲਾਇਸੰਸਸ਼ੁਦਾ ਯੂਨਿਟਾਂ ਤੋਂ ਸੈਂਪਲ ਲਏ ਗਏ। ਇਸ ਦੇ ਨਾਲ ਹੀ ਗੁਜਰਾਤ ਦੇ ਉਮਰਗਾਮ ਵਿੱਚ ਸਥਿਤ ਐਵਰੇਸਟ ਦੀ ਇੱਕ ਹੋਰ ਯੂਨਿਟ 'ਤੇ ਵੀ ਸੂਬਾ ਖੁਰਾਕ ਵਿਭਾਗ ਨਾਲ ਮਿਲ ਕੇ ਸੈਂਪਲਿੰਗ ਕੀਤੀ ਗਈ, ਜਿੱਥੇ ਸਾਰੇ ਸੈਂਪਲ ਸਬ-ਸਟੈਂਡਰਡ ਪਾਏ ਗਏ।
ਨਿਯਮਾਂ ਅਨੁਸਾਰ ਕੰਪਾਊਂਡਡ ਹਿੰਗ ਤਿਆਰ ਕਰਨ ਲਈ ਅਸਲੀ ਹਿੰਗ ਨੂੰ ਗੋਂਦ, ਸਟਾਰਚ ਅਤੇ ਆਟੇ ਨਾਲ ਮਿਲਾਇਆ ਜਾਂਦਾ ਹੈ ਪਰ ਇਸ ਮਿਸ਼ਰਣ ਵਿੱਚ ਘੱਟੋ-ਘੱਟ 5 ਫੀਸਦੀ ਅਲਕੋਹਲ ਸੌਲਿਊਬਲ ਐਕਸਟਰੈਕਟ ਹੋਣਾ ਲਾਜ਼ਮੀ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਬ੍ਰਾਂਡਾਂ ਦੇ ਉਤਪਾਦਾਂ ਵਿੱਚ ਇਹ ਮਾਤਰਾ ਸਿਰਫ਼ 0 ਤੋਂ 3 ਫੀਸਦੀ ਹੀ ਸੀ। ਇਸ ਦਾ ਮਤਲਬ ਹੈ ਕਿ ਉਤਪਾਦਾਂ ਵਿੱਚ ਅਸਲੀ ਹਿੰਗ ਦੀ ਮਾਤਰਾ ਤੈਅ ਮਾਪਦੰਡਾਂ ਨਾਲੋਂ 30 ਤੋਂ 40 ਫੀਸਦੀ ਤੱਕ ਘੱਟ ਪਾਈ ਗਈ। ਜਾਂਚ ਦੌਰਾਨ ਲਾਲਜੀ ਗੋਧੂ ਦੀ ਯੂਨਿਟ ਤੋਂ ਲਈਆਂ ਗਈਆਂ ਅਸਲੀ ਹਿੰਗ ਦੀਆਂ ਛੇ ਕਿਸਮਾਂ ਦੇ ਸੈਂਪਲ ਵੀ ਫੇਲ੍ਹ ਹੋ ਗਏ। ਨਿਯਮਾਂ ਮੁਤਾਬਕ ਅਸਲੀ ਹਿੰਗ ਵਿੱਚ ਸਟਾਰਚ ਦੀ ਮਾਤਰਾ 1 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਹੈਰਾਨੀਜਨਕ ਤੌਰ 'ਤੇ ਜਾਂਚ ਵਿੱਚ ਇਨ੍ਹਾਂ ਕਿਸਮਾਂ ਅੰਦਰ ਸਟਾਰਚ ਦੀ ਮਾਤਰਾ 15 ਤੋਂ 32 ਫੀਸਦੀ ਤੱਕ ਪਾਈ ਗਈ, ਜੋ ਕਿ ਤੈਅ ਸੀਮਾ ਤੋਂ ਕਈ ਗੁਣਾ ਵੱਧ ਹੈ।
FSSAI ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ਼ ਹਿੰਗ ਉਤਪਾਦਾਂ 'ਤੇ ਲਾਗੂ ਹੈ। ਕੰਪਨੀਆਂ ਦੇ ਹੋਰ ਪ੍ਰਸਿੱਧ ਉਤਪਾਦਾਂ ਜਿਵੇਂ ਕਿ ਅੰਡਾ ਕਰੀ ਮਸਾਲਾ, ਚਿਕਨ ਕਰੀ ਮਸਾਲਾ ਜਾਂ ਗਰਮ ਮਸਾਲਾ ਦੀ ਵਿਕਰੀ 'ਤੇ ਕੋਈ ਰੋਕ ਨਹੀਂ ਹੈ, ਹਾਲਾਂਕਿ ਗਰਮ ਮਸਾਲੇ ਅਤੇ ਚਿਕਨ ਮਸਾਲੇ ਵਿੱਚ ਵੀ ਜਾਂਚ ਦੌਰਾਨ ਕੁਝ ਗੜਬੜੀਆਂ ਜ਼ਰੂਰ ਮਿਲੀਆਂ ਹਨ। FSSAI ਨੇ ਉਪਭੋਗਤਾਵਾਂ ਦੀ ਸਿਹਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਕਾਰਵਾਈ ਕੀਤੀ ਹੈ। ਦੋਵਾਂ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਾਜ਼ਾਰ ਵਿੱਚ ਮੌਜੂਦ ਆਪਣੇ ਘਟੀਆ ਗੁਣਵੱਤਾ ਵਾਲੇ ਸਟਾਕ ਨੂੰ ਤੁਰੰਤ ਵਾਪਸ ਮੰਗਵਾਉਣ। ਇਸ ਤੋਂ ਇਲਾਵਾ ਕੰਪਨੀਆਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ ਆਪਣੀਆਂ ਇਨ੍ਹਾਂ ਖਾਮੀਆਂ ਨੂੰ ਕਿਵੇਂ ਦੂਰ ਕਰਨਗੀਆਂ ਅਤੇ ਭਵਿੱਖ ਵਿੱਚ ਮਾਪਦੰਡਾਂ ਅਨੁਸਾਰ ਹੀ ਉਤਪਾਦ ਤਿਆਰ ਕਰਨਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਸਸਪੈਂਸ ਖ਼ਤਮ, ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
NEXT STORY