ਨੈਸ਼ਨਲ ਡੈਸਕ - ਇਕ ਘਟਨਾ ਨੇ ਇਸ ਵਿਅਕਤੀ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਅੱਜ ਉਹ ਪਿਛਲੇ 20 ਸਾਲਾਂ ਤੋਂ ਲੋਕਾਂ ਨੂੰ ਮੁਫ਼ਤ ਪਾਣੀ ਮੁਹੱਈਆ ਕਰਵਾ ਕੇ ਇਕ ਮਿਸਾਲ ਕਾਇਮ ਕਰ ਰਿਹਾ ਹੈ। ਇਹ ਕਹਾਣੀ ਹੈ ਬੁਰਹਾਨਪੁਰ ਦੇ ਲਾਲਬਾਗ ਇਲਾਕੇ ਦੇ ਸਮਾਜ ਸੇਵਕ ਅਮਰ ਯਾਦਵ ਦੀ, ਜਿਸ ਨੂੰ ਜ਼ਿਲ੍ਹੇ 'ਚ 'ਪਾਣੀਵਾਲੇ ਬਾਬਾ' ਵਜੋਂ ਜਾਣਿਆ ਜਾਂਦਾ ਹੈ। ਸਾਲ 2005 ’ਚ ਇਕ ਦਰਦਨਾਕ ਤਜਰਬੇ ਤੋਂ ਪ੍ਰੇਰਿਤ ਹੋ ਕੇ ਅਮਰ ਯਾਦਵ ਨੇ ਲੋਕਾਂ ਨੂੰ ਮੁਫਤ ਪਾਣੀ ਦੇਣ ਦਾ ਸੰਕਲਪ ਲਿਆ। ਅੱਜ ਉਹ ਚਾਰ ਟੈਂਕਰਾਂ ਰਾਹੀਂ ਬੁਰਹਾਨਪੁਰ ਦੇ ਕਈ ਇਲਾਕਿਆਂ ’ਚ ਪਾਣੀ ਪਹੁੰਚਾਉਣ ਲਈ ਹਰ ਸਾਲ ਲਗਭਗ 2 ਲੱਖ ਰੁਪਏ ਖਰਚ ਕਰਦਾ ਹੈ। ਉਸ ਦੀ ਸੇਵਾ ਪੂਰੀ ਤਰ੍ਹਾਂ ਮੁਫਤ ਹੈ-ਪਾਣੀ ਤੋਂ ਲੈ ਕੇ ਪੈਟਰੋਲ ਅਤੇ ਟੈਂਕਰ ਦੇ ਡਰਾਈਵਰ ਤੱਕ, ਸਭ ਕੁਝ ਉਹ ਖੁਦ ਸਹਿਣ ਕਰਦਾ ਹੈ।
ਕਿਵੇਂ ਬਦਲੀ ਹਾਦਸੇ ਨੇ ਜ਼ਿੰਦਗੀ
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਮਰ ਯਾਦਵ ਨੇ ਆਪਣੀ ਪ੍ਰੇਰਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਖੇਤੀ ਕਰਦਾ ਸੀ ਅਤੇ ਸਾਡੇ ਕੋਲ ਬਹੁਤ ਸਾਰੇ ਪਸ਼ੂ ਸਨ। ਗਰਮੀਆਂ ’ਚ ਪਾਣੀ ਦੀ ਕਮੀ ਹੋਣ ਕਾਰਨ ਅਸੀਂ ਭੈਣ-ਭਰਾ 2-3 ਕਿਲੋਮੀਟਰ ਦੂਰੋਂ ਬੈਲ ਗੱਡੀਆਂ ਰਾਹੀਂ ਪਾਣੀ ਲਿਆਉਂਦੇ ਸੀ। ਇਕ ਵਾਰ ਸਾਡਾ ਇਕ ਪਸ਼ੂ ਪਾਣੀ ਦੀ ਘਾਟ ਕਾਰਨ ਮਰ ਗਿਆ। ਇਸ ਘਟਨਾ ਨੇ ਮੇਰੇ ਦਿਲ 'ਤੇ ਡੂੰਘੀ ਛਾਪ ਛੱਡੀ। ਉਦੋਂ ਹੀ ਮੈਂ ਸਮਾਜ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੁਝ ਕਰਨ ਦਾ ਫੈਸਲਾ ਕੀਤਾ। ਅਮਰ ਯਾਦਵ ਨੇ ਪਹਿਲਾਂ ਇਕ ਟੈਂਕਰ ਖਰੀਦਿਆ ਸੀ ਪਰ ਅੱਜ ਉਸ ਕੋਲ ਚਾਰ ਟੈਂਕਰ ਹਨ ਜਿਨ੍ਹਾਂ ਨਾਲ ਉਹ ਲੋੜਵੰਦਾਂ ਨੂੰ ਪਾਣੀ ਮੁਹੱਈਆ ਕਰਵਾਉਂਦੇ ਹਨ। ਵਿਆਹ ਹੋਵੇ, ਗਰਮੀਆਂ ਦੌਰਾਨ ਕਿਸੇ ਇਲਾਕੇ ’ਚ ਪਾਣੀ ਦੀ ਕਮੀ ਹੋਵੇ, ਜਾਂ ਕੋਈ ਹੋਰ ਸ਼ੁਭ ਮੌਕੇ- ਅਮਰ ਯਾਦਵ ਦੇ ਟੈਂਕਰ ਹਮੇਸ਼ਾ ਮਦਦ ਲਈ ਮੌਜੂਦ ਹੁੰਦੇ ਹਨ।
ਸਨਮਾਨ ਅਤੇ ਸਮਰਪਣ
ਅਮਰ ਯਾਦਵ ਦੇ ਇਸ ਨਿਵੇਕਲੇ ਸੇਵਾ ਕਾਰਜ ਲਈ ਹੁਣ ਤੱਕ ਦਰਜਨ ਤੋਂ ਵੱਧ ਸਮਾਜਿਕ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਦਾ ਦਾਅਵਾ ਹੈ ਕਿ ਉਹ 20 ਸਾਲਾਂ ’ਚ ਇਸ ਸੇਵਾ ’ਤੇ 40 ਲੱਖ ਰੁਪਏ ਤੋਂ ਵੱਧ ਖਰਚ ਕਰ ਚੁੱਕਾ ਹੈ। ਅਮਰ ਯਾਦਵ ਦਾ ਕਹਿਣਾ ਹੈ ਕਿ ਮੇਰਾ ਇਹ ਸੰਕਲਪ ਹੈ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ ਮੈਂ ਇਹ ਕੰਮ ਕਰਦਾ ਰਹਾਂਗਾ। ਮੇਰੀ ਸਭ ਤੋਂ ਵੱਡੀ ਖੁਸ਼ੀ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ।
ਸਮਾਜਸੇਵਾ ਦਾ ਪ੍ਰੇਰਣਾ ਸਰੋਤ
ਅਮਰ ਯਾਦਵ ਦੀ ਇਹ ਕਹਾਣੀ ਸਿਰਫ਼ ਸੇਵਾ ਦੀ ਹੀ ਮਿਸਾਲ ਨਹੀਂ ਹੈ, ਸਗੋਂ ਇਹ ਦਰਸਾਉਂਦੀ ਹੈ ਕਿ ਕਿਵੇਂ ਕੋਈ ਵਿਅਕਤੀ ਆਪਣੀ ਦ੍ਰਿੜ੍ਹਤਾ ਅਤੇ ਮਨੁੱਖਤਾਵਾਦੀ ਸੋਚ ਨਾਲ ਸਮਾਜ ’ਚ ਉਸਾਰੂ ਤਬਦੀਲੀ ਲਿਆ ਸਕਦਾ ਹੈ। ਬੁਰਹਾਨਪੁਰ ਦਾ "ਪਨੀਵਾਲੇ ਬਾਬਾ" ਪ੍ਰੇਰਨਾ ਦਾ ਇਕ ਸੱਚਾ ਸਰੋਤ ਹੈ।
ਅਹਿਮ ਖ਼ਬਰ: ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ
NEXT STORY