ਲਖਨਊ (ਵਾਰਤਾ)— ਮਹਾਰਾਸ਼ਟਰ 'ਚ ਪਿਛਲੇ 20 ਦਿਨਾਂ ਤੋਂ ਚੱਲ ਰਹੇ ਸਿਆਸੀ ਨਾਟਕ ਤੋਂ ਬਾਅਦ ਇੱਥੇ ਭਾਜਪਾ ਸਰਕਾਰ ਡਿੱਗ ਗਈ। 23 ਨਵੰਬਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਨੇ ਦਵਿੰਦਰ ਫੜਨਵੀਸ ਨੂੰ ਸਹੁੰ ਚੁੱਕਾਈ ਸੀ। ਮਹਿਜ 3 ਦਿਨ 'ਚ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਭਾਵੇਂ ਹੀ ਫੜਨਵੀਸ ਨੂੰ 3 ਦਿਨ 'ਚ ਅਸਤੀਫਾ ਦੇਣਾ ਪਿਆ ਹੋਵੇ ਪਰ ਸਭ ਤੋਂ ਘੱਟ ਸਮੇਂ ਤਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਅਜੇ ਵੀ ਉੱਤਰ ਪ੍ਰਦੇਸ਼ ਦੇ ਜਗਦੰਬਿਕਾ ਪਾਲ ਦਾ ਹੈ। ਉੱਤਰ ਪ੍ਰਦੇਸ਼ ਦੇ ਉਸ ਵੇਲੇ ਦੇ ਰਾਜਪਾਲ ਰੋਮੇਸ਼ ਭੰਡਾਰੀ ਨੇ ਕਲਿਆਣ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਲੋਕਤੰਤਰੀ ਕਾਂਗਰਸ ਦੇ ਜਗਦੰਬਿਕਾ ਪਾਲ ਨੂੰ 21 ਫਰਵਰੀ 1998 'ਚ ਸਹੁੰ ਚੁਕਾਈ ਸੀ ਪਰ ਉਹ 44 ਘੰਟੇ ਹੀ ਮੁੱਖ ਮੰਤਰੀ ਰਹਿ ਸਕੇ। ਇਲਾਹਾਬਾਦ ਹਾਈ ਕੋਰਟ ਨੇ ਜਗਦੰਬਿਕਾ ਪਾਲ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ ਦੀ ਪੂਰੀ ਪ੍ਰਕਿਰਿਆ ਨੂੰ ਹੀ ਖਾਰਜ ਕਰ ਦਿੱਤਾ।

ਉਸ ਸਮੇਂ ਉੱਤਰ ਪ੍ਰਦੇਸ਼ ਵਿਧਾਨ ਸਭਾ ਹਿੰਸਾ ਦੀ ਵੀ ਗਵਾਹ ਬਣੀ, ਜਦੋਂ ਵਿਧਾਇਕਾਂ ਨੇ ਸਦਨ ਵਿਚ ਹੀ ਬੈਂਚ 'ਤੇ ਲੱਗੇ ਮਾਈਕ ਨੂੰ ਉਖਾੜ ਕੇ ਇਕ-ਦੂਜੇ 'ਤੇ ਹਮਲਾ ਕਰ ਦਿੱਤਾ। ਇਸ 'ਚ ਕਈ ਵਿਧਾਇਕਾਂ ਨੂੰ ਸੱਟਾਂ ਲੱਗੀਆਂ ਅਤੇ ਕੁਝ ਪੱਤਰਕਾਰ ਵੀ ਜ਼ਖਮੀ ਹੋਏ। ਵਿਧਾਨ ਸਭਾ ਵਿਚ 24 ਫਰਵਰੀ ਨੂੰ ਸ਼ਕਤੀ ਪਰੀਖਣ ਹੋਇਆ, ਜਿਸ ਵਿਚ ਵਿਧਾਨ ਸਭਾ ਸਪੀਕਰ ਕੇਸ਼ਰੀ ਨਾਥ ਤ੍ਰਿਪਾਠੀ ਨੇ ਆਪਣੇ ਵਲੋਂ ਜਗਦੰਬਿਕਾ ਪਾਲ ਨੂੰ ਅਤੇ ਦੂਜੇ ਪਾਸੇ ਕਲਿਆਣ ਸਿੰਘ ਨੂੰ ਬਿਠਾਇਆ। ਵਿਧਾਇਕਾਂ ਦਾ ਸਮਰਥਨ ਕਲਿਆਣ ਸਿੰਘ ਨਾਲ ਸੀ ਲਿਹਾਜਾ ਉਹ ਜੇਤੂ ਹੋਏ। ਜਗਦੰਬਿਕਾ ਪਾਲ ਨੂੰ ਹਟਾਉਣ ਦੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋਇਆ। ਜਗਦੰਬਿਕਾ ਪਾਲ ਨੇ ਲਖਨਊ ਸਥਿਤ 5ਵੀਂ ਮੰਜ਼ਲ 'ਤੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਸ ਨੂੰ ਕਾਰਵਾਈ ਕਰਨੀ ਪਈ। 5ਵੀਂ ਮੰਜ਼ਲ ਦੀ ਬਿਜਲੀ ਕੱਟ ਦਿੱਤੀ ਗਈ। ਹਨ੍ਹੇਰਾ ਹੋ ਜਾਣ 'ਤੇ ਹੀ ਜਗਦੰਬਿਕਾ ਪਾਲ ਕੁਰਸੀ ਤੋਂ ਹਟੇ। ਦਿਲਚਸਪ ਗੱਲ ਇਹ ਹੈ ਕਿ ਪਾਲ ਹੁਣ ਭਾਜਪਾ ਪਾਰਟੀ 'ਚ ਹਨ ਅਤੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਡੁਮਰੀਆਗੰਜ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਚੁਣੇ ਗਏ।
J&K : ਧਾਰਾ 370 ਹਟਾਉਣ ਮਗਰੋਂ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ : ਰਾਜਨਾਥ
NEXT STORY