ਜੰਮੂ- ਜੰਮੂ ਕਸ਼ਮੀਰ ’ਚ ਊਧਮਪੁਰ ਜ਼ਿਲੇ ਦੇ ਇਕ ਜੰਗਲ ਖੇਤਰ ’ਚ ਵੀਰਵਾਰ ਨੂੰ ਸੁਰੱਖਿਆ ਫੋਰਸਾਂ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਮਾਰ ਡੇਗਿਆ, ਜਦੋਂ ਕਿ 3 ਹੋਰ ਅੱਤਵਾਦੀ ਅਜੇ ਵੀ ਘਿਰੇ ਹੋਏ ਹਨ। 4 ਅੱਤਵਾਦੀਆਂ ਦੇ ਇਸ ਸਮੂਹ ਦੀ ਪਿਛਲੇ ਇਕ ਸਾਲ ਤੋਂ ਤਲਾਸ਼ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਅਤੇ ਪੁਲਸ ਦੀ ਇਕ ਸਾਂਝੀ ਤਲਾਸ਼ੀ ਟੀਮ ਨੇ ਵੀਰਵਾਰ ਸਵੇਰੇ ਜ਼ਿਲੇ ’ਚ ਬਸੰਤਗੜ੍ਹ ਤੋਂ ਬਹੁਤ ਦੂਰ ਬਿਹਾਲੀ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਮੁਕਾਬਲਾ ਸ਼ੁਰੂ ਹੋਇਆ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਵਾਧੂ ਫੋਰਸਾਂ ਨੂੰ ਭੇਜਿਆ ਗਿਆ ਹੈ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ, “ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਦੀ ਮੁਹਿੰਮ ’ਚ ਹੁਣ ਤੱਕ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ।” ਉਨ੍ਹਾਂ ਦੱਸਿਆ ਕਿ ‘ਆਪ੍ਰੇਸ਼ਨ ਬਿਹਾਲੀ’ ਕੋਡ ਨਾਂ ਵਾਲੀ ਇਹ ਮੁਹਿੰਮ ਅਜਿਹੇ ਸਮੇਂ ’ਚ ਸ਼ੁਰੂ ਕੀਤੀ ਗਈ ਹੈ, ਜਦੋਂ ਇਕ ਹਫ਼ਤੇ ਬਾਅਦ ਕਸ਼ਮੀਰ ’ਚ ਸਾਲਾਨਾ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ।
ਜੰਮੂ ਰੇਂਜ ਪੁਲਸ ਦੇ ਆਈ. ਜੀ. ਭੀਮ ਸੇਨ ਟੂਟੀ ਨੇ ਇਥੇ ਇਕ ਪ੍ਰੋਗਰਾਮ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨੂੰ ਦੱਸਿਆ, “ਅੱਤਵਾਦੀਆਂ ਦਾ ਸਵੇਰੇ ਕਰੀਬ ਸਾਢੇ 8 ਵਜੇ ਪਤਾ ਲੱਗਾ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗਿਣਤੀ 4 ਹੈ ਅਤੇ ਅਸੀਂ ਇਸ ਸਮੂਹ ਨੂੰ ਪਿਛਲੇ ਇਕ ਸਾਲ ਤੋਂ ਲੱਭ ਰਹੇ ਸੀ।”
ਉਨ੍ਹਾਂ ਦੱਸਿਆ ਕਿ ਧੁੰਦ ਹੋਣ ਦੇ ਬਾਵਜੂਦ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਮੌਸਮ ’ਚ ਸੁਧਾਰ ਹੋਣ ਤੋਂ ਬਾਅਦ ਹੀ ਅਸਲ ਸਥਿਤੀ ਦਾ ਪਤਾ ਲੱਗੇਗਾ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਅੱਤਵਾਦੀਆਂ ਨੂੰ ਘੇਰਿਆ ਗਿਆ ਹੈ , ਉਹ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੈਂਬਰ ਹਨ ਅਤੇ ਫੌਜ ਦੇ ਪੈਰਾ ਕਮਾਂਡੋ ਦੀ ਅਗਵਾਈ ’ਚ ਸਾਂਝੀ ਤਲਾਸ਼ੀ ਟੀਮ ਨੇ ਕਰੂਰ ਨਾਲੇ ਦੇ ਕੋਲ ਉਨ੍ਹਾਂ ਦੇ ਲੁਕੇ ਹੋਣ ਦਾ ਪਤਾ ਲੱਗਾ। ਇਸ ਤੋਂ ਪਹਿਲਾਂ, ਸਵੇਰੇ ਜੰਮੂ ਸਥਿਤ ਫੌਜ ਦੀ ‘ਵ੍ਹਾਈਟ ਨਾਈਟ ਕੋਰ’ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਸੀ, “ਇਕ ਸਟੀਕ ਸੂਚਨਾ ਦੇ ਆਧਾਰ ’ਤੇ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਨੇ ਬਸੰਤਗੜ੍ਹ ਦੇ ਬਿਹਾਲੀ ਇਲਾਕੇ ’ਚ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ। ਅੱਤਵਾਦੀਆਂ ਨਾਲ ਸਾਹਮਣਾ ਹੋਇਆ। ਮੁਹਿੰਮ ਅਜੇ ਜਾਰੀ ਹੈ।”
ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੁਰੱਖਿਆ ਫੋਰਸਾਂ ਨੇ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਦੇਰ ਰਾਤ ਸਾਂਬਾ ਜ਼ਿਲੇ ਦੇ ਪੁਰਮੰਡਲ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਸੀ। ਹਾਲਾਂਕਿ, ਕੁਝ ਵੀ ਬਰਾਮਦ ਨਾ ਹੋਣ ਤੋਂ ਬਾਅਦ ਮੁਹਿੰਮ ਸ਼ਾਂਤੀਪੂਰਵਕ ਖ਼ਤਮ ਹੋ ਗਈ।
Youtube ਦੇ ਨਿਯਮਾਂ 'ਚ ਵੱਡਾ ਬਦਲਾਅ, ਕਰੋੜਾਂ ਲੋਕਾਂ 'ਤੇ ਪਵੇਗਾ ਅਸਰ
NEXT STORY