ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਵੈਸੇ ਤਾਂ ਜੰਮੂ-ਕਸ਼ਮੀਰ ਭਾਰਤ ਦਾ ਹੀ ਹਿੱਸਾ ਹੈ ਪਰ ਜੇਕਰ ਭਾਰਤ-ਪਾਕਿ ਸਰਹੱਦ ’ਤੇ ਵੱਸੇ ਲੋਕਾਂ ਦੀ ਤਰਸਯੋਗ ਹਾਲਤ ਵੇਖੀਏ ਤਾਂ ਲੱਗਦਾ ਹੀ ਨਹੀਂ ਕਿ ਉਥੇ ਰਹਿ ਰਹੇ ਲੋਕ ਵੀ ਭਾਰਤ ਦੇ ਵਸਨੀਕ ਹਨ। ਇਕ ਪਾਸੇ ਬੇਰੋਜ਼ਗਾਰੀ, ਦੂਜੇ ਪਾਸੇ ਅੱਤਵਾਦ, ਉੱਪਰੋਂ ਫਾਇਰਿੰਗ ਦਾ ਖ਼ੌਫ਼। ਨਾ ਚੰਗੇ ਸਕੂਲ, ਨਾ ਸਿੱਖਿਆ ਦਾ ਵਧੀਆ ਪ੍ਰਬੰਧ। ਵਿਕਾਸ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਅਤੇ ਉੱਪਰੋਂ ਮੌਸਮ ਦੀ ਮਾਰ ਵੱਖਰੀ। ਇਨ੍ਹਾਂ ਔਖੇ ਹਾਲਾਤ ’ਚ ਵੀ ਸਰਹੱਦੀ ਲੋਕ ਭਾਰਤ ਮਾਤਾ ਦੀ ਸੇਵਾ ਤੋਂ ਪਿੱਛੇ ਨਹੀਂ ਹਟਦੇ। ਅਜਿਹੇ ’ਚ ਉਨ੍ਹਾਂ ਦੀ ਮਦਦ ਲਈ ਕਿਸ ਦਾ ਮਨ ਨਹੀਂ ਕਰੇਗਾ। ਇਸ ਲਈ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਲਗਾਤਾਰ ਉਨ੍ਹਾਂ ਦੀ ਸਹਾਇਤਾ ਲਈ 1999 ਤੋਂ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਕੜੀ ’ਚ ਸ਼੍ਰੀ ਅਨਿਲ ਗੁਪਤਾ ਦੀ ਪ੍ਰੇਰਨਾ ਨਾਲ ਤਰਾਵੜੀ (ਜ਼ਿਲ੍ਹਾ ਕਰਨਾਲ) ਤੋਂ ‘ਸ਼ਿਵ ਸ਼ਕਤੀ ਇੰਟਰ ਗਲੋਬਲ ਪ੍ਰਾ. ਲਿ.’ ਦੇ ਮਾਲਕ ਰਮੇਸ਼ ਗੁਪਤਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੰਤੋਸ਼ ਗੁਪਤਾ ਨੇ ਆਪਣੇ ਮਾਤਾ-ਪਿਤਾ ਸਵ. ਲਾਲਾ ਪੰਨਾ ਲਾਲ ਗੁਪਤਾ ਅਤੇ ਸਵ. ਸ਼੍ਰੀਮਤੀ ਭਾਗਵੰਤੀ ਦੇਵੀ ਦੀ ਯਾਦ ’ਚ ਰਾਹਤ ਸਮੱਗਰੀ ਦਾ ਇਕ ਟਰੱਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਭੇਟ ਕੀਤਾ, ਜਿਸ ’ਚ 200 ਪਰਿਵਾਰਾਂ ਲਈ ਰਾਸ਼ਨ ਅਤੇ ਕੰਬਲ ਸਨ। ਰਾਹਤ ਸਮੱਗਰੀ ਦੇ 703ਵੇਂ ਟਰੱਕ ਦਾ ਸਾਮਾਨ ਸਰਹੱਦੀ ਰਾਮਗੜ੍ਹ ਸੈਕਟਰ ਦੇ ਪਿੰਡ ਗੁੜਵਾਲ (ਜੰਮੂ-ਕਸ਼ਮੀਰ) ’ਚ ਜ਼ਿਲਾ ਵਿਕਾਸ ਬੋਰਡ ਦੇ ਮੈਂਬਰ ਸਰਵਜੀਤ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ’ਚ ਵੰਡਿਆ ਗਿਆ।
ਸਰਵਜੀਤ ਸਿੰਘ ਜੌਹਲ ਨੇ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਸਰਹੱਦੀ ਪ੍ਰਭਾਵਿਤਾਂ ਦੀ ਮਦਦ ਲਈ ਜੋ ਮੁਹਿੰਮ ਕਈ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ, ਅੱਜ ਵੀ ਜਾਰੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ‘ਪੰਜਾਬ ਕੇਸਰੀ ਪਰਿਵਾਰ’ ਦੇ ਮਨ ’ਚ ਲੋੜਵੰਦ ਲੋਕਾਂ ਲਈ ਕਿੰਨਾ ਦਰਦ ਹੈ। ਇਕਬਾਲ ਸਿੰਘ ਅਰਨੇਜਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਰਹਿੰਦੇ ਲੋਕਾਂ ਦਾ ਦਰਦ ਪੰਜਾਬ ’ਚ ਬੈਠ ਕੇ ਪਛਾਣਨਾ ਅਤੇ ਉਨ੍ਹਾਂ ਦਾ ਹਮਦਰਦ ਬਣਨਾ ਇਹ ਕੋਈ ਸ਼੍ਰੀ ਵਿਜੇ ਕੁਮਾਰ ਚੋਪੜਾ ਤੋਂ ਸਿੱਖੇ। ਵਰਿੰਦਰ ਸ਼ਰਮਾ ਯੋਗੀ ਅਤੇ ਡਿੰਪਲ ਸੂਰੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਰਵਜੀਤ ਸਿੰਘ ਜੌਹਲ, ਸਰਪੰਚ ਅਨੀਤਾ ਸ਼ਰਮਾ, ਸ਼ਿਵ ਚੌਧਰੀ, ਇਕਬਾਲ ਸਿੰਘ ਅਰਨੇਜਾ, ਸਰਬਦੀਪ ਕੌਰ ਅਰਨੇਜਾ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ।
ਅੰਮ੍ਰਿਤਪਾਲ ਵਿਰੁੱਧ ਸੜਕਾਂ 'ਤੇ ਉਤਰਿਆ ਸਿੱਖ ਭਾਈਚਾਰਾ, ਕੱਢੀ 'ਬਾਈਕ ਤਿਰੰਗਾ ਯਾਤਰਾ'
NEXT STORY