ਸ਼੍ਰੀਨਗਰ, (ਭਾਸ਼ਾ)- ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਗੁਲਮਰਗ ਅਤੇ ਸੋਨਮਰਗ ਸਮੇਤ ਉੱਚਾਈ ਵਾਲੇ ਕੁਝ ਹੋਰ ਇਲਾਕਿਆਂ ਵਿਚ ਰਾਤ ਨੂੰ ਤਾਜ਼ਾ ਬਰਫ਼ਬਾਰੀ ਹੋਈ। ਹਾਲਾਂਕਿ, ਵਾਦੀ ਵਿਚ ਘੱਟੋ-ਘੱਟ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਤੇਜ਼ ਠੰਢ ਤੋਂ ਕੁਝ ਰਾਹਤ ਮਿਲੀ।
ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ’ਤੇ ਜ਼ੋਜਿਲਾ ਵਿਚ ਵੀ ਬਰਫ਼ਬਾਰੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਵੱਖ-ਵੱਖ ਥਾਵਾਂ ’ਤੇ ਹਲਕਾ ਮੀਂਹ ਜਾਂ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਇਕ ਦਿਨ ਬਾਅਦ ਵੱਖ-ਵੱਖ ਥਾਵਾਂ ’ਤੇ ਬਹੁਤ ਹਲਕਾ ਮੀਂਹ ਜਾਂ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ।
ਬੱਦਲਵਾਈ ਕਾਰਨ ਵਾਦੀ ਵਿਚ ਰਾਤ ਦੇ ਤਾਪਮਾਨ ਵਿਚ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਸੋਮਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ, ਜੋ ਕਿ ਪਿਛਲੀ ਰਾਤ ਸਿਫ਼ਰ ਤੋਂ 3.2 ਡਿਗਰੀ ਸੈਲਸੀਅਸ ਹੇਠਾਂ ਸੀ।
ਦੱਖਣੀ ਕਸ਼ਮੀਰ ਵਿਚ ਸਾਲਾਨਾ ਅਮਰਨਾਥ ਯਾਤਰਾ ਦੇ ਬੇਸ ਕੈਂਪਾਂ ਵਿਚੋਂ ਇਕ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੀ ਰਾਤ ਮਨਫ਼ੀ 6.4 ਡਿਗਰੀ ਸੈਲਸੀਅਸ ਤੋਂ 4 ਡਿਗਰੀ ਵੱਧ ਹੈ।
ਸਕੀਇੰਗ ਲਈ ਮਸ਼ਹੂਰ ਉੱਤਰੀ ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਗੁਲਮਰਗ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੀ ਰਾਤ ਮਨਫ਼ੀ 5.4 ਡਿਗਰੀ ਸੈਲਸੀਅਸ ਹੇਠਾਂ ਦੇ ਤਾਪਮਾਨ ਤੋਂ ਵੱਧ ਹੈ।
ਕਾਜ਼ੀਗੁੰਡ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 1.6 ਡਿਗਰੀ ਸੈਲਸੀਅਸ ਸੀ ਪਰ ਇਹ ਪੰਪੋਰ ਸ਼ਹਿਰ ਦੇ ਕੋਨੀਬਲ ਵਿਚ ਮਨਫ਼ੀ 0.6 ਡਿਗਰੀ ਸੈਲਸੀਅਸ, ਕੁਪਵਾੜਾ ਵਿਚ 1 ਡਿਗਰੀ ਸੈਲਸੀਅਸ ਅਤੇ ਕੋਕਰਨਾਗ ਵਿਚ ਮਨਫ਼ੀ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਸ਼ਮੀਰ ‘ਚਿੱਲਾ-ਏ-ਕਲਾਂ’ ਦੀ ਲਪੇਟ ’ਚ
ਕਸ਼ਮੀਰ ਇਸ ਸਮੇਂ ‘ਚਿੱਲਾ-ਏ-ਕਲਾਂ’ ਦੀ ਲਪੇਟ ਵਿਚ ਹੈ, ਜੋ ਕਿ ਸਰਦੀਆਂ ਦਾ ਸਭ ਤੋਂ ਮੁਸ਼ਕਲ ਸਮਾਂ ਹੈ। 21 ਦਸੰਬਰ ਤੋਂ ਸ਼ੁਰੂ ਹੋਣ ਵਾਲੇ ‘ਚਿੱਲਾ-ਏ-ਕਲਾਂ’ ਦੇ 40 ਦਿਨਾਂ ਦੇ ਸਮੇਂ ਦੌਰਾਨ ਬਰਫ਼ਬਾਰੀ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਅਤੇ ਪਾਰਾ ਕਾਫ਼ੀ ਡਿੱਗ ਜਾਂਦਾ ਹੈ। ‘ਚਿੱਲਾ-ਏ-ਕਲਾਂ’ ਦੀ ਸਮਾਪਤੀ 30 ਜਨਵਰੀ ਨੂੰ ਹੋਵੇਗੀ ਅਤੇ ਇਸ ਤੋਂ ਬਾਅਦ 20 ਦਿਨਾਂ ਦਾ ‘ਚਿੱਲਾ-ਏ-ਖੁਰਦ’ ਅਤੇ ਫਿਰ 10 ਦਿਨਾਂ ਦਾ ‘ਚਿੱਲਾ-ਏ-ਬੱਚਾ’ ਦੀ ਸ਼ੁਰੂਆਤ ਹੋਵੇਗੀ।
''ਇਹ ਪੰਜਾਬੀਆਂ ਲਈ ਬਹੁਤ ਅਪਮਾਨਜਨਕ, ਭਾਜਪਾ ਮੰਗੇ ਮੁਆਫ਼ੀ...''- CM ਮਾਨ
NEXT STORY