ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਰੋਲ ਆਪਣੇ ਸੇਵਾਮੁਕਤੀ ਦੇ ਮੌਕੇ 'ਤੇ ਆਯੋਜਿਤ ਵਿਦਾਇਗੀ ਸਮਾਰੋਹ ਦੌਰਾਨ ਬੇਹੱਦ ਭਾਵੁਕ ਹੋ ਗਏ। ਆਪਣੇ ਚਾਰ ਦਹਾਕੇ ਲੰਬੇ ਕਾਨੂੰਨੀ ਅਤੇ ਨਿਆਂਇਕ ਸਫ਼ਰ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੱਜ ਇਨਸਾਨ ਹੁੰਦੇ ਹਨ, ਭਗਵਾਨ ਨਹੀਂ। ਉਨ੍ਹਾਂ ਕਿਹਾ ਕਿ ਜੱਜਾਂ ਤੋਂ ਵੀ ਗ਼ਲਤੀਆਂ ਹੋ ਸਕਦੀਆਂ ਹਨ ਅਤੇ ਹਰ ਫ਼ੈਸਲਾ ਹਮੇਸ਼ਾ ਸਹੀ ਨਹੀਂ ਹੋ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਆਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਕਾਨੂੰਨ ਦੇ ਨਾਲ-ਨਾਲ ਮਾਨਵੀ ਸੰਵੇਦਨਾ ਅਤੇ ਨਿਮਰਤਾ ਦਾ ਹੋਣਾ ਸਭ ਤੋਂ ਮਹੱਤਵਪੂਰਨ ਹੈ।
ਆਪਣੇ ਸੰਬੋਧਨ ਵਿੱਚ ਜਸਟਿਸ ਕਰੋਲ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਸਿਰਫ਼ ਕਾਨੂੰਨ ਲਾਗੂ ਕਰਨ ਦੀ ਹੀ ਨਹੀਂ, ਬਲਕਿ ਉਸ ਨੂੰ ਨਿਆਂਪੂਰਨ ਤਰੀਕੇ ਨਾਲ ਲਾਗੂ ਕਰਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਪੇਸ਼ ਹੋਣ ਵਾਲੀਆਂ ਫ਼ਾਈਲਾਂ ਅਤੇ ਯਾਚਿਕਾਵਾਂ ਸਿਰਫ਼ ਮਾਮਲੇ ਦੇ ਤੱਥ ਦੱਸ ਸਕਦੀਆਂ ਹਨ, ਪਰ ਉਹ ਉਸ ਇਨਸਾਨ ਦੇ ਦਰਦ ਅਤੇ ਉਮੀਦਾਂ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਪਾਉਂਦੀਆਂ। ਉਨ੍ਹਾਂ ਅਨੁਸਾਰ, ਨਿਆਂ ਸਿਰਫ਼ ਕਾਨੂੰਨੀ ਦਲੀਲਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਉਸ ਪੁਕਾਰ ਨੂੰ ਸੁਣਨ ਦਾ ਨਾਮ ਹੈ ਜੋ ਸ਼ਬਦਾਂ ਦੇ ਵਿਚਕਾਰ ਦੀ ਖ਼ਾਮੋਸ਼ੀ ਵਿੱਚ ਛਿਪੀ ਹੁੰਦੀ ਹੈ।
ਆਪਣੇ ਕਰੀਅਰ 'ਤੇ ਚਾਨਣਾ ਪਾਉਂਦਿਆਂ ਜਸਟਿਸ ਕਰੋਲ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਕੀਲ ਵਜੋਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਪਿਛਲੇ 19 ਸਾਲਾਂ ਤੱਕ ਜੱਜ ਦੀ ਜ਼ਿੰਮੇਵਾਰੀ ਨਿਭਾਈ। ਉਹ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ, ਅਤੇ ਤ੍ਰਿਪੁਰਾ ਤੇ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਰਹਿਣ ਤੋਂ ਬਾਅਦ 6 ਫ਼ਰਵਰੀ 2023 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ। ਉਨ੍ਹਾਂ ਕਿਹਾ ਕਿ ਹੁਣ ਉਹ ਦੇਸ਼ ਦੇ ਸਭ ਤੋਂ ਵੱਡੇ ਅਤੇ ਸਤਿਕਾਰਤ ਸੰਵਿਧਾਨਕ ਅਹੁਦੇ ਯਾਨੀ 'ਇੱਕ ਸਧਾਰਨ ਨਾਗਰਿਕ' ਦੇ ਰੂਪ ਵਿੱਚ ਵਾਪਸ ਪਰਤ ਰਹੇ ਹਨ।
ਵਿਦਾਇਗੀ ਸਮਾਰੋਹ ਦੌਰਾਨ ਭਾਰਤ ਦੇ ਚੀਫ਼ ਜਸਟਿਸ (CJI) ਸੂਰਿਆਕਾਂਤ, ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਰਾਏ ਨੇ ਉਨ੍ਹਾਂ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਸੀ.ਜੇ.ਆਈ. ਨੇ ਜਸਟਿਸ ਕਰੋਲ ਦੀ ਪ੍ਰਸ਼ਾਸਕੀ ਸਮਰੱਥਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਤ੍ਰਿਪੁਰਾ ਹਾਈ ਕੋਰਟ ਵਿੱਚ ਰਹਿੰਦਿਆਂ ਉਨ੍ਹਾਂ ਨੇ ਬਿਹਤਰ ਪ੍ਰਬੰਧਨ ਸਦਕਾ ਮਹਿਜ਼ 10 ਮਹੀਨਿਆਂ ਦੇ ਅੰਦਰ 60 ਹਜ਼ਾਰ ਲੰਬਿਤ (pending) ਮਾਮਲਿਆਂ ਨੂੰ ਘਟਾ ਕੇ 27 ਹਜ਼ਾਰ ਤੋਂ ਵੀ ਘੱਟ ਕਰ ਦਿੱਤਾ ਸੀ।
ਓਡੀਸ਼ਾ ਤੱਟ ਨੇੜੇ ਸਿੰਗਾਪੁਰ ਜਾ ਰਿਹਾ ਪਨਾਮਾ ਦਾ ਕਾਰਗੋ ਜਹਾਜ਼ ਡੁੱਬਿਆ: 24 'ਚੋਂ 2 ਕਰੂ ਮੈਂਬਰ ਬਚਾਏ, 22 ਲਾਪਤਾ
NEXT STORY