ਕਾਨਪੁਰ- ਉੱਤਰ ਪ੍ਰਦੇਸ਼ 'ਚ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਕਾਨਪੁਰ ਪੁਲਸ ਨੇ ਬੇਕਨਗੰਜ ਖੇਤਰ 'ਚ ਘੁੰਮ ਰਹੀ ਬੱਕਰੀ ਨੂੰ ਹੀ 'ਗ੍ਰਿਫ਼ਤਾਰ' ਕਰ ਲਿਆ, ਕਿਉਂਕਿ ਬੱਕਰੀ ਨੇ ਮਾਸਕ ਨਹੀਂ ਪਹਿਨਿਆ ਸੀ। ਇਹ ਘਟਨਾ ਬੀਤੇ ਹਫਤੇ ਹੋਈ, ਜਿਥੇ ਬੇਕਨਗੰਜ ਪੁਲਸ ਨੇ ਬੱਕਰੀ ਨੂੰ ਚੁੱਕਿਆ ਅਤੇ ਜੀਪ 'ਚ ਥਾਣੇ ਲੈ ਗਈ। ਜਦੋਂ ਬੱਕਰੀ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਹ ਪੁਲਸ ਥਾਣੇ ਪਹੁੰਚਿਆ। ਬੱਕਰੀ ਦੇ ਮਾਲਕ ਨੇ ਪੁਲਸ ਨੂੰ ਗੁਹਾਰ ਲਗਾਈ ਅਤੇ ਪੁਲਸ ਨੇ ਆਖ਼ਰਕਾਰ ਬੱਕਰੀ ਨੂੰ ਇਹ ਕਹਿੰਦੇ ਹੋਏ ਰਿਹਾਅ ਕਰ ਦਿੱਤਾ ਕਿ ਉਹ ਜਾਨਵਰ ਨੂੰ ਸੜਕ 'ਤੇ ਨਾ ਘੁੰਮਣ ਦੇਣ।
ਪੁਲਸ ਥਾਣੇ ਦੇ ਮੁਖੀ ਸੈਫੁਦੀਨ ਬੇਗ ਨੇ ਕਿਹਾ ਕਿ ਪੁਲਸ ਨੇ ਇਕ ਸ਼ਖਸ ਨੂੰ ਬਿਨਾਂ ਮਾਸਕ ਦੇ ਦੇਖਿਆ ਅਤੇ ਬੱਕਰੀ ਨੂੰ ਨਾਲ ਲੈ ਆਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਬਿਨਾਂ ਮਾਸਕ ਦੇ ਸ਼ਖਸ ਨੇ ਪੁਲਸ ਨੂੰ ਦੇਖਿਆ ਤਾਂ ਉਹ ਬੱਕਰੀ ਨੂੰ ਛੱਡ ਕੇ ਦੌੜ ਗਿਆ। ਪੁਲਸ ਵਾਲੇ ਬੱਕਰੀ ਨੂੰ ਫੜ੍ਹ ਕੇ ਪੁਲਸ ਥਾਣੇ ਲੈ ਆਏ। ਬਾਅਦ ਵਿਚ ਅਸੀਂ ਬੱਕਰੀ ਨੂੰ ਉਸ ਦੇ ਮਾਲਕ ਨੂੰ ਸੌਂਪ ਦਿੱਤਾ। ਬੱਕਰੀ ਨੂੰ ਪੁਲਸ ਥਾਣੇ ਲਿਆਉਣ ਵਾਲੇ ਇਕ ਪੁਲਸ ਮੁਲਾਜ਼ਮ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਤਾਲਾਬੰਦੀ ਦੇ ਉਲੰਘਣ ਵਿਚ ਬੱਕਰੀ ਨੂੰ ਗ੍ਰਿਫ਼ਤਾਰ ਕੀਤਾ, ਕਿਉਂਕਿ ਉਸ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਲੋਕ ਤਾਂ ਹੁਣ ਕੁੱਤਿਆਂ ਨੂੰ ਮਾਸਕ ਪਹਿਨਾਉਣ ਲੱਗੇ ਹਨ ਤਾਂ ਬੱਕਰੀ ਨੂੰ ਕਿਉਂ ਨਹੀਂ? ਹਾਲਾਂਕਿ ਸੋਸ਼ਲ ਮੀਡੀਆ 'ਤੇ ਚੁਟਕਲੇ ਬਣਨ ਤੋਂ ਬਾਅਦ ਪੁਲਸ ਨੇ ਆਪਣਾ ਬਿਆਨ ਬਦਲ ਦਿੱਤਾ।
ਨਾਬਾਲਗਾਂ ਨੇ ਢਾਈ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਕੀਤਾ ਕਤਲ
NEXT STORY