ਬੈਂਗਲੁਰੂ : ਕਰਨਾਟਕ 'ਚ ਵਿਧਾਨ ਸਭਾ ਚੋਣਾਂ ਤਹਿਤ ਕਰੀਬ ਇਕ ਮਹੀਨੇ ਚੱਲੀ ਪ੍ਰਚਾਰ ਮੁਹਿੰਮ ਮਗਰੋਂ ਹੁਣ ਪ੍ਰਦੇਸ਼ ਦੀ ਜਨਤਾ ਦੀ ਵਾਰੀ ਆਈ ਹੈ, ਜੋ ਬੁੱਧਵਾਰ ਯਾਨੀ ਅੱਜ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਦੇ ਚੁਣਾਵੀ ਭਵਿੱਖ ਨੂੰ EVM 'ਚ ਬੰਦ ਕਰੇਗੀ। ਇਸ ਤੋਂ ਬਾਅਦ 13 ਮਈ ਨੂੰ ਪਤਾ ਲੱਗੇਗਾ ਕਿ ਕਰਨਾਟਕ ਦੀ ਸੱਤਾ ਦਾ ਤਾਜ ਭਾਜਪਾ ਬਰਕਰਾਰ ਰੱਖਦੀ ਹੈ ਜਾਂ ਕਾਂਗਰਸ ਉਸ ਤੋਂ ਇਹ ਤਾਜ ਖੋਹਣ 'ਚ ਸਫ਼ਲ ਰਹਿੰਦੀ ਹੈ ਜਾਂ ਫਿਰ ਤੀਜੀ ਤਾਕਤ ਦੇ ਰੂਪ ਵਿਚ ਜਨਤਾ ਦਲ (ਸੈਕੂਲਰ) ਇਸ ਦੀ ਚਾਬੀ ਆਪਣੇ ਕੋਲ ਰੱਖਦੀ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੜਕੇ ਸਮਰਥਕ, ਇਸਲਾਮਾਬਾਦ 'ਚ ਧਾਰਾ 144 ਲਾਗੂ
ਸੂਬੇ ਦੀ 224 ਮੈਂਬਰੀ ਵਿਧਾਨ ਸਭਾ ਲਈ ਪ੍ਰਦੇਸ਼ ਦੀ ਜਨਤਾ 10 ਮਈ ਨੂੰ ਆਪਣੇ ਨੁਮਾਇੰਦਿਆਂ ਦੀ ਚੋਣ ਕਰੇਗੀ। ਵੋਟਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਸੂਬੇ ਭਰ ਵਿਚ 58,545 ਵੋਟਿੰਗ ਕੇਂਦਰਾਂ 'ਤੇ ਕੁੱਲ 5,31,33,054 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਇਹ ਵੋਟਰ 2,615 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਰਾਂ 'ਚ 2,67,28,053 ਪੁਰਸ਼, 2,64,00,074 ਔਰਤਾਂ ਅਤੇ 4,927 ਹੋਰ ਹਨ। ਉਮੀਦਵਾਰਾਂ 'ਚ 2,430 ਪੁਰਸ਼, 184 ਔਰਤਾਂ ਅਤੇ ਇਕ ਉਮੀਦਵਾਰ ਹੋਰ ਲਿੰਗ ਤੋਂ ਹੈ। ਸੂਬੇ 'ਚ 11,71,558 ਨੌਜਵਾਨ ਵੋਟਰ ਹਨ, ਜਦਕਿ 5,71,281 ਦਿਵਿਯਾਂਗ ਅਤੇ 12,15,920 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ।
ਇਹ ਵੀ ਪੜ੍ਹੋ : ਬੋਲਣ ਦੀ ਇਜਾਜ਼ਤ ਨਾ ਮਿਲੀ ਤਾਂ ਨੇਪਾਲੀ MP ਨੇ ਸੰਸਦ ’ਚ ਹੀ ਉਤਾਰ ਦਿੱਤੇ ਕੱਪੜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦੇ ਰੱਥ 'ਤੇ ਸਵਾਰ ਸੱਤਾਧਾਰੀ ਭਾਜਪਾ ਦੀ ਕੋਸ਼ਿਸ਼ 38 ਸਾਲ ਦੇ ਉਸ ਮਿਥ ਨੂੰ ਤੋੜਨ ਦੀ ਹੈ, ਜਿਸ ਵਿਚ ਪ੍ਰਦੇਸ਼ ਦੀ ਜਨਤਾ ਨੇ ਕਿਸੇ ਵੀ ਸੱਤਾਧਾਰੀ ਪਾਰਟੀ ਨੂੰ ਵਾਪਸ ਸੱਤਾ 'ਤੇ ਬਿਠਾਉਣ ਤੋਂ ਪ੍ਰਹੇਜ਼ ਕੀਤਾ ਹੈ। ਆਗਾਮੀ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਦੱਖਣ ਦੇ ਇਸ ਆਪਣੇ ਗੜ੍ਹ ਨੂੰ ਬਰਕਰਾਰ ਰੱਖਣ ਲਈ ਭਾਜਪਾ ਨੇ ਕੋਈ ਕਸਰ ਨਹੀਂ ਛੱਡੀ ਹੈ।
ਓਧਰ, ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਸੂਬਾ ਕਾਂਗਰਸ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਇਸ ਮੁਹਿੰਮ ਵਿਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ, ਇਨ੍ਹਾਂ ਦੋਹਾਂ ਪਾਰਟੀਆਂ ਤੋਂ ਇਲਾਵਾ ਸਭ ਦੀਆਂ ਨਜ਼ਰਾਂ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ (ਸੈਕੂਲਰ) 'ਤੇ ਵੀ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਤ੍ਰਿਸ਼ੰਕੂ ਫਤਵਾ ਮਿਲਣ ਦੀ ਸੂਰਤ ਵਿਚ ਸਰਕਾਰ ਬਣਾਉਣ ਦੀ ਚਾਬੀ ਉਸ ਦੇ ਹੱਥਾਂ 'ਚ ਹੋਵੇਗੀ। ਇਹ ਸਥਿਤੀ ਪਿਛਲੀਆਂ ਚੋਣਾਂ 'ਚ ਵੀ ਸੂਬੇ ਵਿਚ ਕਈ ਮੌਕਿਆਂ ’ਤੇ ਸਾਹਮਣੇ ਆ ਚੁੱਕੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY