ਨੈਸ਼ਨਲ ਡੈਸਕ- ਕਰਨੀ ਮਾਤਾ ਮੰਦਰ ਨਾ ਸਿਰਫ਼ ਆਸਥਾ ਦਾ ਕੇਂਦਰ ਹੈ, ਸਗੋਂ ਰਹੱਸਾਂ ਨਾਲ ਵੀ ਭਰਿਆ ਹੋਇਆ ਅਨੋਖਾ ਮੰਦਰ ਹੈ। ਇਹ ਮੰਦਰ ਰਾਜਸਥਾਨ ਦੇ ਬੀਕਾਨੇਰ ਵਿਚ ਸਥਿਤ ਹੈ, ਜੋ ਕਿ ਚੂਹਿਆਂ ਦੀ ਵਜ੍ਹਾ ਤੋਂ ਪ੍ਰਸਿੱਧ ਹੈ। ਇਸ ਮੰਦਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਚੂਹੇ ਮੌਜੂਦ ਹਨ। 22 ਮਈ ਯਾਨੀ ਕਿ ਭਲਕੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਰਸ਼ਨ ਕਰਨ ਦੀ ਖ਼ਬਰ ਨੇ ਇਕ ਵਾਰ ਫਿਰ ਇਸ ਮੰਦਰ ਨੂੰ ਚਰਚਾ ਵਿਚ ਲਿਆ ਦਿੱਤਾ ਹੈ। ਬੀਕਾਨੇਰ ਤੋਂ ਲੱਗਭਗ 30 ਕਿਲੋਮੀਟਰ ਦੂਰ ਸਥਿਤ ਇਹ ਮੰਦਰ ਆਪਣੇ ਅਨੋਖੇ ਨਿਯਮਾਂ ਅਤੇ ਹਜ਼ਾਰਾਂ ਚੂਹਿਆਂ ਦੀ ਮੌਜੂਦਗੀ ਕਾਰਨ ਦੇਸ਼-ਦੁਨੀਆ ਵਿਚ ਪ੍ਰਸਿੱਧ ਹੈ। ਆਓ ਜਾਣਦੇ ਹਾਂ ਇਸ ਮੰਦਰ ਨਾਲ ਜੁੜੀਆਂ ਮਾਨਤਾਵਾਂ ਅਤੇ ਵਿਸ਼ੇਸ਼ਤਾਵਾਂ ਬਾਰੇ-
ਕੌਣ ਹੈ ਮਾਤਾ ਕਰਨੀ?
ਕਰਨੀ ਮਾਤਾ ਨੂੰ ਦੇਵੀ ਦੁਰਗਾ ਦਾ ਅਵਤਾਰ ਮੰਨਿਆ ਜਾਂਦਾ ਹੈ। ਕਰਨੀ ਮਾਤਾ ਇਕ ਯੋਧਾ ਅਤੇ ਤਪਸਵੀ ਵਾਂਗ ਆਪਣੀ ਜ਼ਿੰਦਗੀ ਬਤੀਤ ਕਰਦੀ ਸੀ। ਮਾਤਾ ਦਾ ਜਨਮ 1387 ਈਸਵੀ ਵਿਚ ਹੋਇਆ ਸੀ ਅਤੇ ਉਹ ਕਰੀਬ 150 ਸਾਲ ਤੱਕ ਜਿਊਂਦੀ ਰਹੀ ਸੀ। ਦੇਸ਼ ਭਰ ਵਿਚ ਕਰਨੀ ਮਾਤਾ ਨੂੰ ਸਮਰਪਿਤ ਕਈ ਮੰਦਰ ਹਨ ਪਰ ਬੀਕਾਨੇਰ ਦੇ ਦੇਸ਼ਨੋਕ ਵਿਚ ਸਥਿਤ ਕਰਨੀ ਮਾਤਾ ਮੰਦਰ ਦਾ ਵਿਸ਼ੇਸ਼ ਮਹੱਤਵ ਹੈ।

ਮੰਦਰ 'ਚ ਰਹਿੰਦੇ ਹਨ 25 ਹਜ਼ਾਰ ਚੂਹੇ
ਕਰਨੀ ਮਾਤਾ ਮੰਦਰ ਚੂਹਿਆਂ ਕਰ ਕੇ ਪ੍ਰਸਿੱਧ ਹੈ। ਇਸ ਮੰਦਰ ਨੂੰ ਚੂਹਿਆਂ ਦਾ ਮੰਦਰ ਵੀ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਚੂਹੇ ਮੌਜੂਦ ਹਨ। ਇਸ ਮੰਦਰ ਵਿਚ ਕਰੀਬ 25,000 ਤੋਂ ਵੱਧ ਚੂਹਿਆਂ ਦਾ ਵਾਸ ਹੈ। ਮਾਨਤਾ ਹੈ ਕਿ ਜਿਸ ਨੂੰ ਵੀ ਸਫੈਦ ਚੂਹਾ ਨਜ਼ਰ ਆ ਜਾਵੇ, ਉਸ ਦੀਆਂ ਮੁਰਾਦਾਂ ਛੇਤੀ ਹੀ ਪੂਰੀਆਂ ਹੁੰਦੀਆਂ ਹਨ। ਸ਼ਰਧਾਲੂ ਅਜਿਹੇ ਚੂਹਿਆਂ ਨੂੰ ਵੇਖ ਕੇ ਨਤਮਸਤਕ ਹੋ ਜਾਂਦੇ ਹਨ।
ਮੰਦਰ 'ਚ ਹੁੰਦੀ ਹੈ ਚੂਹਿਆਂ ਦੀ ਪੂਜਾ
ਕਰਨੀ ਮਾਤਾ ਮੰਦਰ ਵਿਚ ਚੂਹਿਆਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਇਸ ਮੰਦਰ ਵਿਚ ਚੂਹਿਆਂ ਦੀ ਪੂਜਾ ਹੁੰਦੀ ਹੈ। ਭਗਤ ਚੂਹਿਆਂ ਲਈ ਦੁੱਧ, ਮਠਿਆਈ ਅਤੇ ਹੋਰ ਭੋਗ ਲਿਆਉਂਦੇ ਹਨ। ਇਨ੍ਹਾਂ ਚੂਹਿਆਂ ਨੂੰ ਮਾਤਾ ਕਰਨੀ ਦਾ ਪੁੱਤਰ ਦਾ ਅਵਤਾਰ ਮੰਨਿਆ ਗਿਆ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਨ੍ਹਾਂ ਚੂਹਿਆਂ ਨੂੰ ਮਾਰਨ ਅਤੇ ਨੁਕਸਾਨ ਪਹੁੰਚਾਉਣਾ ਘੋਰ ਪਾਪ ਲੱਗਦਾ ਹੈ।

ਚੂਹਿਆਂ ਦਾ ਬਚਿਆ ਹੋਇਆ ਪ੍ਰਸਾਦ ਪਵਿੱਤਰ ਕਿਉਂ ਹੈ?
ਜੇ ਤੁਸੀਂ ਸੋਚ ਰਹੇ ਹੋ ਕਿ ਜੇਕਰ ਕੋਈ ਚੂਹਾ ਖਾਣਾ ਖਾਵੇ ਅਤੇ ਤੁਸੀਂ ਵੀ ਉਹੀ ਖਾਣਾ ਖਾਓ ਤਾਂ ਤੁਹਾਨੂੰ ਕਿਵੇਂ ਲੱਗੇਗਾ? ਪਰ ਇਹ ਇੱਥੇ ਇਕ ਆਮ ਗੱਲ ਹੈ। ਇੱਥੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਹ ਚੂਹੇ ਆਮ ਜੀਵ ਨਹੀਂ ਹਨ ਸਗੋਂ ਸੰਤਾਂ ਅਤੇ ਪੂਰਵਜਾਂ ਦੀਆਂ ਆਤਮਾਵਾਂ ਹਨ ਜੋ ਪੁਨਰਜਨਮ ਲੈ ਕੇ ਇੱਥੇ ਰਹਿੰਦੇ ਹਨ। ਜੇਕਰ ਕੋਈ ਚੂਹਾ ਤੁਹਾਡਾ ਪ੍ਰਸਾਦ ਖਾ ਲੈਂਦਾ ਹੈ ਤਾਂ ਲੋਕ ਇਸ ਨੂੰ "ਆਸ਼ੀਰਵਾਦ" ਸਮਝਦੇ ਹਨ।
ਪੰਜਾਬ ਰੋਡਵੇਜ਼ ਬੱਸ ਨੇ ਬਜ਼ੁਰਗ ਔਰਤ ਨੂੰ ਕੁਚਲਿਆ, ਮੌਕੇ 'ਤੇ ਹੋਈ ਮੌਤ
NEXT STORY