ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਤਿੰਨ ਮਹੀਨੇ ਤੋਂ ਵੱਧ ਦੀਆਂ ਸਰਦ ਰੁੱਤ ਦੀਆਂ ਛੁੱਟੀਆਂ ਮਗਰੋਂ ਕਸ਼ਮੀਰ ਘਾਟੀ ਵਿਚ ਸਕੂਲ ਸੋਮਵਾਰ ਯਾਨੀ ਕਿ ਅੱਜ ਫਿਰ ਤੋਂ ਖੁੱਲ੍ਹੇ। ਜਿਸ ਕਾਰਨ ਵਿਦਿਆਰਥੀ ਅਤੇ ਵਿਦਿਆਰਥਣਾਂ ਵਿਚ ਖ਼ਾਸਾ ਉਤਸ਼ਾਹ ਵੇਖਿਆ ਗਿਆ। ਪ੍ਰਦੇਸ਼ ਵਿਚ 28 ਨਵੰਬਰ ਨੂੰ ਸਰਦ ਰੁੱਤ ਦੀਆਂ ਛੁੱਟੀਆਂ ਮਗਰੋਂ ਸਕੂਲ 1 ਮਾਰਚ ਨੂੰ ਖੁੱਲ੍ਹਣ ਵਾਲੇ ਸਨ, ਹਾਲਾਂਕਿ ਮੋਹਲੇਧਾਰ ਮੀਂਹ ਕਾਰਨ ਸਰਦ ਰੁੱਤ ਦੀਆਂ ਛੁੱਟੀਆਂ 3 ਮਾਰਚ ਤੱਕ ਵਧਾ ਦਿੱਤੀਆਂ ਗਈਆਂ ਸਨ।
ਕੁਪਵਾੜਾ ਦੇ ਸਰਹੱਦੀ ਇਲਾਕਿਆਂ 'ਚ ਮੋਹਲੇਧਾਰ ਮੀਂਹ ਅਤੇ ਬਰਫ਼ਬਾਰੀ ਮਗਰੋਂ ਜੰਮੂ-ਕਸ਼ਮੀਰ ਆਫ਼ਤਾ ਪ੍ਰਬੰਧਨ ਅਥਾਰਟੀ ਵਲੋਂ ਬਰਫ਼ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕਰਨ ਨੂੰ ਵੇਖਦਿਆਂ ਸਕੂਲ ਬੰਦ ਰਹੇ। ਪ੍ਰਦੇਸ਼ ਵਿਚ ਅੱਜ ਤੇਜ਼ ਧੁੱਪ ਦਰਮਿਆਨ ਵਿਦਿਆਰਥੀ ਅਤੇ ਵਿਦਿਆਰਥਣਾਂ ਸਕੂਲ ਪਰਤੇ। ਸਕੂਲ ਦੀ ਡਰੈੱਸ ਪਹਿਨੇ ਵਿਦਿਆਰਥੀ ਬਹੁਤ ਖ਼ੁਸ਼ ਨਜ਼ਰ ਆਏ ਅਤੇ ਸਕੂਲ ਦੀਆਂ ਬੱਸਾਂ 'ਚ ਜਾਣ ਲਈ ਵਿਦਿਆਰਥੀਆਂ ਨੂੰ ਸ਼੍ਰੀਨਗਰ ਦੇ ਵੱਖ-ਵੱਖ ਇਲਾਕਿਆਂ 'ਚ ਸੜਕ ਕਿਨਾਰੇ ਉਡੀਕ ਕਰਦੇ ਵੇਖਿਆ ਗਿਆ।
ਮੈਲਿਨਸਨ ਸਕੂਲ, ਸ਼੍ਰੀਨਗਰ ਦੀ ਸ਼ਾਜ਼ੀਆ ਬਸ਼ੀਰ ਨੇ ਕਿਹਾ ਕਿ ਮੈਂ ਦੋਸਤਾਂ ਅਤੇ ਅਧਿਆਪਕਾਂ ਨੂੰ ਮਿਲਣ ਲਈ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਵਾਪਸ ਆ ਕੇ ਬਹੁਤ ਖੁਸ਼ ਹਾਂ। ਮੈਂ 13 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਲਈ ਹੈ। ਸਕੂਲ ਦੀ ਇਕ ਹੋਰ ਵਿਦਿਆਰਥਣ ਸਹਿਰੀਸ਼ ਨੇ ਕਿਹਾ ਕਿ ਸਰਦੀਆਂ ਦੀਆਂ ਲੰਬੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਸਕੂਲ ਵਾਪਸ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਘਰ ਵਿਚ ਇਹ ਬਹੁਤ ਬੋਰਿੰਗ ਸੀ ਅਤੇ ਹੁਣ ਮੈਂ ਅਧਿਆਪਕਾਂ ਦੀ ਨਿਗਰਾਨੀ ਵਿਚ ਦੋਸਤਾਂ ਨਾਲ ਮੁੜ ਪੜ੍ਹਾਈ ਸ਼ੁਰੂ ਕਰਾਂਗੀ। ਅੱਜ ਘਾਟੀ ਦੇ ਹੋਰ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਪ੍ਰਾਇਮਰੀ ਜਮਾਤਾਂ ਦੇ ਸਕੂਲਾਂ ਵਿਚ ਪੜ੍ਹਾਈ ਮੁੜ ਸ਼ੁਰੂ ਹੋਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ। ਅਧਿਕਾਰੀਆਂ ਨੇ ਸ਼੍ਰੀਨਗਰ ਮਿਊਂਸੀਪਲ ਸੀਮਾ ਦੇ ਅੰਦਰ ਆਉਣ ਵਾਲੇ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਤੈਅ ਕੀਤਾ ਹੈ।
ਕੀ ਸਿਆਸਤ 'ਚ ਆਉਣਗੇ ਅਮਿਤਾਭ ਬੱਚਨ? ਬਿੱਗ ਬੀ ਵੱਲੋਂ ਐੱਸ. ਜੈਸ਼ੰਕਰ ਦੀ ਤਾਰੀਫ਼ ਕੀਤੇ ਜਾਣ ਮਗਰੋਂ ਛਿੜੀ ਚਰਚਾ
NEXT STORY