ਰੁਦਰਪ੍ਰਯਾਗ (ਬਿਊਰੋ)– ਜਨਵਰੀ ਦਾ ਪਹਿਲਾ ਪੰਦਰਵਾੜਾ ਲੰਘਣ ਵਾਲਾ ਹੈ ਪਰ ਕੇਦਾਰਨਾਥ ਧਾਮ ਤੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ਼ ਨੂੰ ਤਰਸ ਰਹੀਆਂ ਹਨ, ਜਦਕਿ ਪਿਛਲੇ ਸਾਲਾਂ ’ਚ ਕੇਦਾਰਪੁਰੀ ਦਸੰਬਰ ਦੇ ਅਖੀਰ ਤੱਕ ਬਰਫ਼ ਦੀ 6 ਤੋਂ 8 ਫੁੱਟ ਮੋਟੀ ਚਾਦਰ ਨਾਲ ਢਕੀ ਜਾਂਦੀ ਸੀ। ਇਸ ਵਾਰ ਸਰਦੀਆਂ ’ਚ ਘੱਟ ਤੋਂ ਘੱਟ ਬਰਫ਼ਬਾਰੀ ਹੋਈ, ਜਦਕਿ ਜਨਵਰੀ ’ਚ ਇਕ ਦਿਨ ਵੀ ਬਰਫ਼ਬਾਰੀ ਨਹੀਂ ਹੋਈ।
ਇਸ ਕਾਰਨ ਧਾਮ ’ਚ ਦੂਰ-ਦੂਰ ਤੱਕ ਬਰਫ਼ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਕਮਜ਼ੋਰ ਪੱਛਮੀ ਗੜਬੜ ਤੇ ਹਿਮਾਲਿਆ ਖ਼ੇਤਰ ’ਚ ਮੀਂਹ ਦੇ ਬੱਦਲਾਂ ਦੇ ਵਿਕਾਸ ਦੀ ਘਾਟ ਨੂੰ ਇਸ ਦਾ ਕਾਰਨ ਦੱਸ ਰਿਹਾ ਹੈ। ਇਸ ਕਾਰਨ ਮੌਸਮ ਆਮ ਨਾਲੋਂ ਸੁੱਕਾ ਰਿਹਾ ਹੈ। ਹਾਲਾਂਕਿ ਅੱਤ ਦੀ ਠੰਡ ਕਾਰਨ ਤਾਪਮਾਨ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਧਾਮ ’ਚ ਮੁੜ ਨਿਰਮਾਣ ਦਾ ਕੰਮ ਰੋਕ ਦਿੱਤਾ ਗਿਆ ਹੈ।
ਕੇਦਾਰਨਾਥ ਜਨਵਰੀ ’ਚ ਚਾਂਦੀ ਵਾਂਗ ਚਮਕਦਾ ਹੈ
ਸਮੁੰਦਰ ਤਲ ਤੋਂ 11,657 ਫੁੱਟ ਦੀ ਉਚਾਈ ’ਤੇ ਸਥਿਤ ਕੇਦਾਰਨਾਥ ਧਾਮ ਆਮ ਤੌਰ ’ਤੇ ਜਨਵਰੀ ’ਚ ਬਰਫ਼ਬਾਰੀ ਕਾਰਨ ਚਾਂਦੀ ਵਾਂਗ ਚਮਕਣ ਲੱਗਦਾ ਹੈ। ਪਿਛਲੇ ਸਾਲ ਜਨਵਰੀ ’ਚ 4 ਫੁੱਟ ਬਰਫ਼ ਪਈ ਸੀ ਤੇ ਮਾਰਚ ’ਚ ਆਵਾਜਾਈ ਮੁਸ਼ਕਿਲ ਨਾਲ ਸ਼ੁਰੂ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ ’ਚ ਪੀ. ਓ. ਕੇ. ਦੀ ਮੁਕਤੀ ਲਈ ਹਨੂੰਮਾਨ ਜੀ ਨੂੰ ਅਰਪਿਤ ਕੀਤੀਆਂ ਜਾਣਗੀਆਂ ਸਵਾ ਕਰੋੜ ਆਹੂਤੀਆਂ
ਨਿਮ ਦੇ ਸੂਬੇਦਾਰ (ਸੀਨੀਅਰ) ਮਨੋਜ ਸੇਮਵਾਲ, ਜੋ 2013 ਤੋਂ ਕੇਦਾਰਨਾਥ ’ਚ ਵੱਖ-ਵੱਖ ਨਿਰਮਾਣ ਏਜੰਸੀਆਂ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ, ਨੇ ਕਿਹਾ ਕਿ ਇਸ ਵਾਰ ਮੌਸਮ ਦੇ ਚੱਕਰ ’ਚ ਤਬਦੀਲੀ ਕਾਰਨ ਸਰਦੀ ਦੇ ਮੌਸਮ ’ਚ ਘੱਟ ਤੋਂ ਘੱਟ ਮੀਂਹ ਤੇ ਬਰਫ਼ਬਾਰੀ ਹੋਈ ਹੈ। ਅਜਿਹੇ ’ਚ ਧਾਮ ਦੇ ਨਾਲ-ਨਾਲ ਆਲੇ-ਦੁਆਲੇ ਦੀਆਂ ਪਹਾੜੀ ਚੋਟੀਆਂ ਵੀ ਸੰਨੀਆਂ ਪਈਆਂ ਹਨ। ਇਸ ਨਾਲ ਇਲਾਕੇ ਦੇ ਤਾਪਮਾਨ ’ਤੇ ਵੀ ਅਸਰ ਪਿਆ ਹੈ।
ਇਨ੍ਹੀਂ ਦਿਨੀਂ ਕੇਦਾਰਨਾਥ ’ਚ ਰਾਤ ਦਾ ਤਾਪਮਾਨ -5 ਤੋਂ -7 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ, ਜਦਕਿ ਪਿਛਲੇ ਸਾਲਾਂ ’ਚ ਇਹ -20 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਸੀ। ਹਾਲ ਦੇ ਦਿਨਾਂ ’ਚ ਦੁਪਹਿਰ ਸਮੇਂ ਤਾਪਮਾਨ 8 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਮੀਂਹ ਤੇ ਬਰਫ਼ਬਾਰੀ ਨਾ ਹੋਣ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ ਤੇ ਪਹਾੜੀ ਇਲਾਕਿਆਂ ’ਚ ਵੀ ਸਵੇਰ ਤੇ ਰਾਤ ਨੂੰ ਧੁੰਦ ਛਾਈ ਰਹਿੰਦੀ ਹੈ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੀ ਪੀ. ਡਬਲਯੂ. ਡੀ. ਸ਼ਾਖਾ ਦੇ ਕਾਰਜਕਾਰੀ ਇੰਜਨੀਅਰ ਵਿਨੈ ਝਿੰਕਵਾਨ ਨੇ ਦੱਸਿਆ ਕਿ ਕੇਦਾਰਨਾਥ ’ਚ ਫਿਲਹਾਲ ਬਰਫ਼ਬਾਰੀ ਨਹੀਂ ਹੋਈ ਹੈ ਪਰ ਵਧਦੀ ਠੰਡ ਕਾਰਨ ਉਥੇ ਉਸਾਰੀ ਦੇ ਕੰਮ ’ਚ ਲੱਗੇ ਸਾਰੇ 400 ਮਜ਼ਦੂਰ ਦਸੰਬਰ ਦੇ ਆਖਰੀ ਹਫ਼ਤੇ ਵਾਪਸ ਪਰਤ ਆਏ ਹਨ। ਫਿਲਹਾਲ ਮੰਦਰ ਦੀ ਸੁਰੱਖਿਆ ਲਈ ਧਾਮ ’ਚ ਸਿਰਫ਼ ਆਈ. ਟੀ. ਬੀ. ਪੀ. ਦੇ ਜਵਾਨ, ਪੁਲਸ ਤੇ ਮੰਦਰ ਕਮੇਟੀ ਦੇ ਕੁਝ ਕਰਮਚਾਰੀ ਤਾਇਨਾਤ ਹਨ।
ਪਿਛਲੇ 10 ਸਾਲਾਂ ’ਚ ਜਨਵਰੀ ’ਚ ਹੋਈ ਬਰਫ਼ਬਾਰੀ ਦੇ ਅੰਕੜੇ
- 2014 – 10 ਫੁੱਟ
- 2015 – 8 ਫੁੱਟ
- 2016 – 11 ਫੁੱਟ
- 2017 – 6 ਫੁੱਟ
- 2018 – 8 ਫੁੱਟ
- 2019 – 5 ਫੁੱਟ
- 2020 – 7 ਫੁੱਟ
- 2021 – 6 ਫੁੱਟ
- 2022 – 8 ਫੁੱਟ
- 2023 – 4 ਫੁੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਯੁੱਧਿਆ ’ਚ ਪੀ. ਓ. ਕੇ. ਦੀ ਮੁਕਤੀ ਲਈ ਹਨੂੰਮਾਨ ਜੀ ਨੂੰ ਅਰਪਿਤ ਕੀਤੀਆਂ ਜਾਣਗੀਆਂ ਸਵਾ ਕਰੋੜ ਆਹੂਤੀਆਂ
NEXT STORY