ਇੰਦੌਰ- ਮੱਧ ਪ੍ਰਦੇਸ਼ 'ਚ ਇਕ ਅਧਿਆਪਕ ਦੀ ਮੌਤ ਤੋਂ ਬਾਅਦ ਅੰਗ ਦਾਨ ਰਾਹੀਂ ਹਾਸਲ ਕੀਤੀ ਕਿਡਨੀ ਨੂੰ 'ਗਰੀਨ ਕੋਰੀਡੋਰ' ਬਣਾ ਕੇ ਭੋਪਾਲ ਤੋਂ ਕਰੀਬ 200 ਕਿਲੋਮੀਟਰ ਦੂਰ ਇੰਦੌਰ ਪਹੁੰਚਾਇਆ ਗਿਆ, ਜਿੱਥੇ ਇਸ ਨੂੰ ਹਸਪਤਾਲ 'ਚ ਦਾਖਲ ਮਰੀਜ਼ 'ਚ ਟਰਾਂਸਪਲਾਂਟ ਕੀਤਾ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 'ਗਰੀਨ ਕੋਰੀਡੋਰ' ਬਣਾਉਂਦੇ ਸਮੇਂ ਪੁਲਸ ਦੀ ਮਦਦ ਨਾਲ ਸੜਕ 'ਤੇ ਆਵਾਜਾਈ ਨੂੰ ਇਸ ਤਰੀਕੇ ਨਾਲ ਵਿਵਸਥਿਤ ਕੀਤਾ ਜਾਂਦਾ ਹੈ ਕਿ ਦਾਨ ਕੀਤੇ ਅੰਗ ਲੋੜਵੰਦ ਮਰੀਜ਼ ਤੱਕ ਘੱਟ ਤੋਂ ਘੱਟ ਸਮੇਂ ਵਿਚ ਪਹੁੰਚ ਸਕਣ।
ਰਾਜ ਪੱਧਰੀ ਅੰਗ ਦਾਨ ਅਧਿਕਾਰ ਕਮੇਟੀ ਦੇ ਮੈਂਬਰ ਡਾ. ਰਾਕੇਸ਼ ਭਾਰਗਵ ਨੇ ਦੱਸਿਆ ਕਿ ਸਾਗਰ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਹਰੀਸ਼ੰਕਰ ਢਿਮੋਲੇ (56) ਨੂੰ 12 ਅਪ੍ਰੈਲ ਨੂੰ ਬ੍ਰੇਨ ਹੈਮਰੇਜ ਤੋਂ ਬਾਅਦ ਭੋਪਾਲ ਦੇ ਬਾਂਸਲ ਹਸਪਤਾਲ ਵਿਚ ਲਿਆਂਦਾ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਭਾਰਗਵ ਕਿਹਾ ਕਿ ਸੋਗ ਵਿਚ ਹੋਣ ਦੇ ਬਾਵਜੂਦ ਢਿਮੋਲੇ ਦਾ ਪਰਿਵਾਰ ਮਰਨ ਉਪਰੰਤ ਉਸ ਦੇ ਅੰਗ ਦਾਨ ਕਰਨ ਲਈ ਰਾਜ਼ੀ ਹੋ ਗਏ ਅਤੇ ਸਰਜਨਾਂ ਨੇ ਸੋਮਵਾਰ ਨੂੰ ਉਸ ਦਾ ਆਪ੍ਰੇਸ਼ਨ ਕਰ ਕੇ ਉਸਦੇ ਦੋਵੇਂ ਗੁਰਦੇ ਕੱਢ ਦਿੱਤੇ। ਭਾਰਗਵ ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਗੁਰਦਾ ਬਾਂਸਲ ਹਸਪਤਾਲ, ਭੋਪਾਲ ਵਿਚ ਇਕ ਲੋੜਵੰਦ ਮਰੀਜ਼ ਦੇ ਸਰੀਰ 'ਚ ਟਰਾਂਸਪਲਾਂਟ ਕੀਤਾ ਗਿਆ ਸੀ, ਜਦੋਂ ਕਿ ਦੂਜੀ ਕਿਡਨੀ ਨੂੰ ਗ੍ਰੀਨ ਕੋਰੀਡੋਰ ਰਾਹੀਂ ਇੰਦੌਰ ਦੇ ਚੋਇਥਰਾਮ ਹਸਪਤਾਲ ਭੇਜਿਆ ਗਿਆ ਸੀ, ਜਿੱਥੇ ਇਸ ਨੂੰ ਦਾਖਲ ਮਰੀਜ਼ 'ਚ ਟਰਾਂਸਪਲਾਂਟ ਕੀਤਾ ਗਿਆ ਸੀ।
ਚੋਇਥਰਾਮ ਹਸਪਤਾਲ ਦੇ ਡਿਪਟੀ ਡਾਇਰੈਕਟਰ ਡਾ. ਅਮਿਤ ਭੱਟ ਨੇ ਕਿਹਾ ਕਿ ਗ੍ਰੀਨ ਕੋਰੀਡੋਰ ਦੇ ਨਿਰਮਾਣ ਕਾਰਨ ਦਾਨ ਕੀਤੇ ਗੁਰਦੇ ਨੂੰ ਭੋਪਾਲ ਤੋਂ ਇੰਦੌਰ ਲਿਆਉਣ 'ਚ ਸਿਰਫ ਦੋ ਘੰਟੇ 45 ਮਿੰਟ ਲੱਗੇ, ਜਦੋਂ ਕਿ ਆਮ ਤੌਰ 'ਤੇ ਇਨ੍ਹਾਂ ਵਿਚਕਾਰ ਦੂਰੀ ਸਾਢੇ 4 ਘੰਟੇ ਵਿਚ ਤੈਅ ਹੁੰਦੀ ਹੈ। ਭੱਟ ਨੇ ਦੱਸਿਆ ਕਿ ਇਹ ਕਿਡਨੀ ਚੋਇਥਰਾਮ ਹਸਪਤਾਲ ਵਿਚ ਦਾਖਲ ਇਕ ਲੋੜਵੰਦ ਮਰੀਜ਼ ਦੇ ਸਰੀਰ 'ਚ ਟਰਾਂਸਪਲਾਂਟ ਕੀਤੀ ਗਈ ਸੀ। ਢਿਮੋਲੇ ਦੇ ਪੁੱਤਰ ਹਿਮਾਂਸ਼ੂ ਨੇ ਕਿਹਾ ਕਿ ਮੇਰੇ ਪਿਤਾ ਦੇ ਮਰਨ ਉਪਰੰਤ ਅੰਗ ਦਾਨ ਨੇ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਹ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਇਸ ਭਾਵਨਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਜਵਾਲਾਮੁਖੀ ਮੰਦਰ 'ਚ 25 ਹਜ਼ਾਰ ਸ਼ਰਧਾਲੂਆਂ ਨੇ ਪਰਿਵਾਰ ਸਮੇਤ ਮਾਂ ਦੇ ਦਰਬਾਰ 'ਚ ਲਗਾਈ ਹਾਜ਼ਰੀ
NEXT STORY