ਨਵੀਂ ਦਿੱਲੀ (ਭਾਸ਼ਾ)- ਸੀ.ਬੀ.ਆਈ. ਨੇ ਨੌਕਰੀ ਦੇ ਬਦਲੇ ਜ਼ਮੀਨ ਲੈਣ ਸਬੰਧੀ ਘਪਲੇ ਨਾਲ ਜੁੜੇ ਮਾਮਲੇ ’ਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ ਕੀਤਾ ਹੈ। ਮਾਮਲੇ ’ਚ ਇਹ ਦੂਜਾ ਦੋਸ਼-ਪੱਤਰ ਹੈ ਅਤੇ ਇਸ ’ਚ 14 ਹੋਰ ਲੋਕਾਂ ਦੇ ਵੀ ਨਾਂ ਸ਼ਾਮਲ ਹਨ। ਇਹ ਮਾਮਲੇ ’ਚ ਪਹਿਲਾ ਦੋਸ਼-ਪੱਤਰ ਦਾਖਲ ਹੋਣ ਤੋਂ ਬਾਅਦ ਸਾਹਮਣੇ ਆਏ ਦਸਤਾਵੇਜਾਂ ਅਤੇ ਸਬੂਤਾਂ ਦੇ ਆਧਾਰ ’ਤੇ ਦਾਖਲ ਕੀਤਾ ਗਿਆ ਹੈ। ਯਾਦਵ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ, ਸੀ.ਬੀ.ਆਈ. ਨੇ ਮਾਮਲੇ ’ਚ ਏ.ਕੇ. ਇਨਫੋਸਿਸਟਮਸ ਅਤੇ ਕਈ ਵਿਚੋਲਿਆਂ ਨੂੰ ਵੀ ਨਾਮਜ਼ਦ ਕੀਤਾ ਹੈ। ਦੋਸ਼-ਪੱਤਰ ਵਿਸ਼ੇਸ਼ ਸੀ.ਬੀ.ਆਈ. ਅਦਾਲਤ ’ਚ ਦਾਖ਼ਲ ਕੀਤਾ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਦੂਜਾ ਦੋਸ਼-ਪੱਤਰ ਇਸ ਲਈ ਦਾਖ਼ਲ ਕੀਤਾ ਗਿਆ, ਕਿਉਂਕਿ ਸ਼ੁਰੂਆਤੀ ਰਿਪੋਰਟ ਦਾਖਲ ਹੋਣ ਤੱਕ ਮੁਲਜ਼ਮਾਂ ਦੀ ਭੂਮਿਕਾ ਦੇ ਸਬੰਧ ’ਚ ਜਾਂਚ ਪੂਰੀ ਨਹੀਂ ਹੋ ਸਕੀ ਸੀ। ਸੀ.ਬੀ.ਆਈ. ਨੇ ਦੋਸ਼ ਲਾਇਆ ਕਿ 2004-2009 ’ਚ ਯੂ. ਪੀ. ਏ. ਸਰਕਾਰ ’ਚ ਲਾਲੂ ਪ੍ਰਸਾਦ ਦੇ ਰੇਲ ਮੰਤਰੀ ਰਹਿਣ ਦੌਰਾਨ ਬਿਨਾਂ ਕਿਸੇ ਇਸ਼ਤਿਹਾਰ ਜਾਂ ਜਨਤਕ ਸੂਚਨਾ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕਰ ਕੇ ਪਸੰਦੀਦਾ ਲੋਕਾਂ ਨੂੰ ਰੇਲਵੇ ’ਚ ਨਿਯੁਕਤ ਕੀਤਾ ਗਿਆ। ਏਜੰਸੀ ਅਨੁਸਾਰ ਰੇਲਵੇ ’ਚ ਨੌਕਰੀ ਦੇ ਬਦਲੇ ’ਚ ਉਮੀਦਵਾਰਾਂ ਨੇ ਸਿੱਧੇ ਜਾਂ ਅਸਿੱਧੇ ਰੂਪ ’ਚ ਲਾਲੂ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਨੂੰ ਬਾਜ਼ਾਰ ਭਾਅ ਨਾਲੋਂ ਕਾਫ਼ੀ ਘੱਟ ਦਰਾਂ ’ਤੇ ਜ਼ਮੀਨ ਵੇਚੀ ਸੀ।
PM ਦੀ ਪ੍ਰਧਾਨਗੀ ’ਚ ਮੰਤਰੀ ਮੰਡਲ ਦੀ ਬੈਠਕ, ਮੰਤਰੀਆਂ ਨੂੰ ਮੋਦੀ ਮੰਤਰ
NEXT STORY