ਪਿਆਰੇ ਰਾਹੁਲ ਜੀ, ਲੋਕ ਸਭਾ ’ਚ ਨੇਤਾ-ਵਿਰੋਧੀ ਧਿਰ ਦੇ ਰੂਪ ’ਚ ਤੁਹਾਡੀ ਭੂਮਿਕਾ ਕੇਵਲ ਮੋਦੀ ਸਰਕਾਰ ਦਾ ਵਿਰੋਧ ਕਰਨਾ ਨਹੀਂ ਹੈ। ਤੁਸੀਂ ਸਰਕਾਰ ਤੋਂ ਠੋਸ ਸਵਾਲ ਪੁੱਛੋ, ਤੱਥਾਂ ਦੇ ਆਧਾਰ ’ਤੇ ਉਸ ਦੀਆਂ ਨੀਤੀਆਂ ਦੀ ਜਾਂਚ ਕਰੋ ਅਤੇ ਇਹ ਸਭ ਕਰਦੇ ਹੋਏ ਦੇਸ਼ ਹਿੱਤ ਨੂੰ ਸਭ ਤੋਂ ਉਪਰ ਰੱਖੋ। ਲੋਕਤੰਤਰ ਉਦੋਂ ਹੀ ਮਜ਼ਬੂਤ ਹੁੰਦਾ ਹੈ, ਜਦੋਂ ਸਰਕਾਰ ਅਤੇ ਵਿਰੋਧੀ ਧਿਰ ਦੋਵੇਂ ਆਪਣੀ ਭੂਮਿਕਾ ਗੰਭੀਰਤਾ ਨਾਲ ਨਿਭਾਉਣ। ਬਦਕਿਸਮਤੀ ਨਾਲ, ਤੁਹਾਡੇ ਕਈ ਬਿਆਨ ਅਤੇ ਆਚਰਣ ਅਜਿਹੇ ਰਹੇ ਹਨ, ਜਿਨ੍ਹਾਂ ਨਾਲ ਇਹ ਗੰਭੀਰਤਾ ਕਮਜ਼ੋਰ ਹੀ ਨਹੀਂ, ਬਲਕਿ ਕਈ ਵਾਰ ਖ਼ਤਰਨਾਕ ਰੂਪ ਲੈਂਦੀ ਵੀ ਦਿਖਾਈ ਦਿੰਦੀ ਹੈ। ਅਜਿਹਾ ਲੱਗਦਾ ਹੈ ਕਿ ਗੱਲ ਪਹਿਲਾਂ ਕਹੀ ਜਾਂਦੀ ਹੈ, ਫਿਰ ਉਸ ਦੇ ਸਮਰਥਨ ’ਚ ਤੱਥ ਇੱਧਰੋਂ-ਉੱਧਰੋਂ ਲੱਭੇ ਜਾਂਦੇ ਹਨ। ਤੁਹਾਡੀ ਇਹ ਸਮੱਸਿਆ ਨਾ ਤਾਂ 2014 ਤੋਂ ਬਾਅਦ ਸ਼ੁਰੂ ਹੋਈ ਹੈ ਅਤੇ ਨਾ ਹੀ ਇਹ ਆਰ. ਐੱਸ. ਐੱਸ.-ਭਾਜਪਾ ਤੱਕ ਸੀਮਤ ਹੈ। ਇਹ ਤੁਹਾਡਾ ਸੁਭਾਵਿਕ ਚਿੰਤਨ ਹੈ, ਜਿਸ ’ਚ ਇਤਿਹਾਸ ਤੋਂ ਅਸਹਿਜਤਾ, ਹੰਕਾਰ, ਵੈਚਾਰਿਕ ਹੀਨਤਾ ਅਤੇ ਤੱਥਾਂ ਤੋਂ ਦੂਰੀ ਸਪੱਸ਼ਟ ਝਲਕਦੀ ਹੈ।
ਸਾਲ 2010 ਦੇ ਵਿਕੀਲੀਕਸ ਦਸਤਾਵੇਜ਼ਾਂ ’ਚ ਦਰਜ ਹੈ ਕਿ ਤੁਸੀਂ ਅਮਰੀਕੀ ਰਾਜਦੂਤ ਨੂੰ ਕਿਹਾ ਸੀ ਕਿ ਭਾਰਤ ਨੂੰ ਲਸ਼ਕਰ-ਏ-ਤੋਇਬਾ ਵਰਗੇ ਜਿਹਾਦੀ ਸੰਗਠਨਾਂ ਨਾਲੋਂ ਵੱਧ ਖ਼ਤਰਾ ‘ਹਿੰਦੂ ਸਮੂਹਾਂ’ ਤੋਂ ਹੈ। ਇਹ ਅਸਲ ’ਚ ਉਸ ਉਪਰਾਲੇ ਦਾ ਹਿੱਸਾ ਸੀ, ਜਿਸ ’ਚ ਐਲਾਨੇ ਇਸਲਾਮੀ ਅੱਤਵਾਦ ਨੂੰ ਜਾਇਜ਼ ਠਹਿਰਾਉਣ ਲਈ ਭਰਮਾਊ-ਫਰਜ਼ੀ ‘ਹਿੰਦੂ/ਭਗਵਾ ਅੱਤਵਾਦ’ ਦਾ ਨੈਰੇਟਿਵ ਬੁਣਿਆ ਜਾ ਰਿਹਾ ਸੀ। ਜਿਸ ਲਸ਼ਕਰ-ਏ-ਤੋਇਬਾ ਦੀ ਤੁਸੀਂ ਤਦ ਢਾਲ ਬਣ ਰਹੇ ਸੀ, ਉਸ ਨੇ ਹੀ 2008 ’ਚ ਪਾਕਿਸਤਾਨੀ ਫ਼ੌਜ ਨਾਲ ਮਿਲ ਕੇ ਦੇਸ਼ ਨੂੰ ਦਹਿਲਾ (ਮੁੰਬਈ 26/11) ਦਿੱਤਾ ਸੀ। ਤਦ ਘਿਨੌਣੇ ਗੋਧਰਾ ਕਾਂਡ (2002), ਜਿਸ ’ਚ ਜਿਹਾਦੀਆਂ ਨੇ ਭਜਨ-ਕੀਰਤਨ ਕਰ ਰਹੇ 59 ਹਿੰਦੂਆਂ ਨੂੰ ਟਰੇਨ ’ਚ ਜ਼ਿੰਦਾ ਸਾੜ ਦਿੱਤਾ ਸੀ, ਉਸ ਨੂੰ ਤੁਹਾਡੀ ਸਰਕਾਰ ਨੇ ਜਿਸ ਤਰ੍ਹਾਂ ‘ਹਾਦਸਾ’ ਕਹਿ ਕੇ ਘਟਾ ਕੇ ਦਿਖਾਉਣ ਦਾ ਯਤਨ ਕੀਤਾ ਅਤੇ 2007 ’ਚ ਜਿਸ ਤਰ੍ਹਾਂ ਅਦਾਲਤ ’ਚ ਹਲਫ਼ਨਾਮਾ ਦੇ ਕੇ ਭਗਵਾਨ ਸ਼੍ਰੀ ਰਾਮ ਦੀ ਹੋਂਦ ’ਤੇ ਪ੍ਰਸ਼ਨ ਉਠਾਇਆ ਗਿਆ, ਉਹ ਸਭ ਇਕ ਵਿਆਪਕ ਵੈਚਾਰਿਕ ਫਲਸਫੇ ਵੱਲ ਸੰਕੇਤ ਕਰਦਾ ਹੈ। ਇਸੇ ਲੜੀ ’ਚ ਤੁਸੀਂ ਅਤੇ ਤੁਹਾਡਾ ਪਰਿਵਾਰ ਸੱਦੇ ਤੋਂ ਬਾਅਦ ਵੀ ਸ਼੍ਰੀ ਰਾਮ ਮੰਦਰ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ (2024) ’ਚ ਨਹੀਂ ਗਏ।
ਰਾਹੁਲ ਜੀ, ਲੋਕਤੰਤਰੀ ਸੰਸਥਾਵਾਂ ਦੇ ਪ੍ਰਤੀ ਤੁਹਾਡਾ ਨਜ਼ਰੀਆ ਵੀ ਕਈ ਵਾਰ ਸਵਾਲਾਂ ਦੇ ਘੇਰੇ ’ਚ ਰਿਹਾ ਹੈ। 2013 ’ਚ ਤੁਸੀਂ ਆਪਣੀ ਹੀ ਸਰਕਾਰ ਦੇ ਇਕ ਆਰਡੀਨੈਂਸ ਨੂੰ ਜਨਤਕ ਰੂਪ ’ਚ ‘ਬਕਵਾਸ’ ਕਹਿ ਕੇ ਫਾੜਨ ਦੀ ਗੱਲ ਕਹੀ। ਇਹ ਅਸਹਿਮਤੀ ਨਹੀਂ, ਬਲਕਿ ਸੰਸਥਾਗਤ ਮਰਿਆਦਾ ’ਤੇ ਹਮਲਾ ਸੀ। ਹਾਲੀਆ ਸਾਲਾਂ ’ਚ ਚੋਣ ਹਾਰਾਂ ਤੋਂ ਬਾਅਦ ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆ ’ਤੇ ਸ਼ੱਕ ਜਤਾਉਣਾ ਵੀ ਉਸੇ ਪ੍ਰਵਿਰਤੀ ਨੂੰ ਦਰਸਾਉਂਦਾ ਹੈ। ਅਸਹਿਜ ਪ੍ਰਸ਼ਨ ਪੁੱਛਣ ਵਾਲੇ ਪੱਤਰਕਾਰਾਂ ਨੂੰ ‘ਏਜੰਟ’ ਕਹਿਣਾ ਜਾਂ ਉਨ੍ਹਾਂ ਦੀ ਜਾਤ ਪੁੱਛਣੀ ਸੰਵਾਦ ਦੀ ਗੰਭੀਰਤਾ ਨੂੰ ਘੱਟ ਕਰਦਾ ਹੈ।
ਅਜੇ ਕੁਝ ਦਿਨ ਪਹਿਲਾਂ ਤੁਸੀਂ ਲਖਨਊ ’ਚ ਕਿਹਾ ਸੀ ਕਿ ਜੇਕਰ ਪੰਡਿਤ ਜਵਾਹਰ ਲਾਲ ਨਹਿਰੂ ਜਿਉਂਦੇ ਹੁੰਦੇ, ਤਾਂ ਦਲਿਤ ਨੇਤਾ ਕਾਂਸ਼ੀ ਰਾਮ ਜੀ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਦੇ। ਇਹ ਕਥਨ ਨਾ ਕੇਵਲ ਕਾਲਪਨਿਕ ਹੈ, ਬਲਕਿ ਇਤਿਹਾਸ ਦੀ ਅਣਦੇਖੀ ਵੀ ਕਰਦਾ ਹੈ। ਕਾਂਸ਼ੀ ਰਾਮ ਜੀ ਨੇ ਆਪਣੀ ਪੂਰੀ ਰਾਜਨੀਤੀ ਕਾਂਗਰਸ ਵਿਵਸਥਾ ਦੇ ਬਦਲ ਦੇ ਰੂਪ ’ਚ ਖੜ੍ਹੀ ਕੀਤੀ ਸੀ। ਉਹ ਡਾ. ਭੀਮ ਰਾਓ ਰਾਮਜੀ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਦੇ ਸਨ, ਜਿਨ੍ਹਾਂ ਨੂੰ ਗਾਂਧੀ ਜੀ ਦੇ ਦਬਾਅ ਹੇਠ ਪੰਡਿਤ ਨਹਿਰੂ ਨੇ ਦੋ ਹੋਰ ਗੈਰ-ਕਾਂਗਰਸੀਆਂ ਨਾਲ ਸੁਤੰਤਰ ਭਾਰਤ ਦੇ ਪਹਿਲੇ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਸੀ।
ਇਤਿਹਾਸ ਦੱਸਦਾ ਹੈ ਕਿ 1951-52 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ’ਚ ਅੰਬੇਡਕਰ ਦੀ ਹਾਰ ਯਕੀਨੀ ਬਣਾਉਣ ਲਈ ਪੰਡਿਤ ਨਹਿਰੂ ਅਤੇ ਖੱਬੇ ਪੱਖੀ ਲੀਡਰਸ਼ਿਪ ਨੇ ਪੂਰਾ ਯਤਨ ਕੀਤਾ, ਜਿਸ ’ਚ ਉਹ ਸਫਲ ਵੀ ਹੋਏ। ਖ਼ੁਦ ਬਾਬਾ ਸਾਹਿਬ ਦੀ ਦੂਜੀ ਪਤਨੀ ਸਵਿਤਾ ਅੰਬੇਡਕਰ ਅਨੁਸਾਰ, ਨਹਿਰੂ ਉਨ੍ਹਾਂ ਦੀ ਸੀਟ ’ਤੇ ਨਜ਼ਰਾਂ ਗੱਡੀ ਬੈਠੇ ਸਨ। 16 ਜਨਵਰੀ 1952 ਨੂੰ ਲੇਡੀ ਐਡਵਿਨਾ ਮਾਊਂਟਬੇਟਨ ਨੂੰ ਲਿਖੇ ਪੱਤਰ ’ਚ ਨਹਿਰੂ ਨੇ ਅੰਬੇਡਕਰ ਦੀ ਹਾਰ ’ਤੇ ਸੰਤੋਸ਼ ਪ੍ਰਗਟਾਇਆ। ਇਹ ਕੈਸੀ ਮਾਨਸਿਕਤਾ ਹੈ ਕਿ ਇਕ ਰਾਸ਼ਟਰੀ ਨੇਤਾ ਆਪਣੇ ਸਮਕਾਲੀ ਅਤੇ ਸੰਵਿਧਾਨ-ਨਿਰਮਾਤਾ ਦੀ ਹਾਰ ’ਤੇ ਖ਼ੁਸ਼ੀ ਕਿਉਂ ਪ੍ਰਗਟ ਕਰ ਰਿਹਾ ਸੀ? ਉਹ ਵੀ ਇਕ ਅਜਿਹੇ ਬਸਤੀਵਾਦੀ ਸ਼ਾਸਕ ਦੀ ਪਤਨੀ ਨਾਲ, ਜੋ ਭਾਰਤ ਦੀ ਵੰਡ ਨਾਲ ਜੁੜੇ ਹੋਏ ਸਨ।
ਇੰਨਾ ਹੀ ਨਹੀਂ, 1946 ’ਚ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਲਿਖੇ ਪੱਤਰ ’ਚ ਨਹਿਰੂ ਨੇ ਅੰਬੇਡਕਰ ’ਤੇ ‘ਬ੍ਰਿਟਿਸ਼ ਸਰਕਾਰ ਨਾਲ ਮਿਲ ਕੇ ਕਾਂਗਰਸ ਦੇ ਖ਼ਿਲਾਫ਼ ਕੰਮ ਕਰਨ’ ਦਾ ਦੋਸ਼ ਲਾਇਆ ਸੀ। ਉਸ ਸਮੇਂ ਦੇ ਕਾਂਗਰਸੀ ਅਤੇ ਖੱਬੇ ਪੱਖੀ ਉਨ੍ਹਾਂ ਨੂੰ ‘ਗੱਦਾਰ’ ਕਹਿਣ ਤੋਂ ਨਹੀਂ ਝਿਜਕਦੇ ਸਨ, ਜਦਕਿ ਗਾਂਧੀ ਜੀ ਨੇ ਖ਼ੁਦ ਅੰਬੇਡਕਰ ਨੂੰ ‘ਦੇਸ਼ ਭਗਤ’ ਦੱਸਿਆ ਸੀ। ਇਹ ਵਿਰੋਧਾਭਾਸ ਵੀ ਵਿਚਾਰਨਯੋਗ ਹੈ।
ਤੁਸੀਂ ਅੱਜ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਦੇਣ ਦੀ ਮੰਗ ਕਰ ਰਹੇ ਹੋ ਪਰ 2008 ’ਚ ਤੁਹਾਡੀ ਹੀ ਸਰਕਾਰ ਨੇ ਇਸ ਮੰਗ ਨੂੰ ਅਹਿਮੀਅਤ ਨਹੀਂ ਦਿੱਤੀ। ਸਿਧਾਂਤਾਂ ਦਾ ਇਹ ਪਰਿਵਰਤਨ ਸੁਭਾਵਿਕ ਤਾਂ ਨਹੀਂ ਲੱਗਦਾ, ਉਹ ਵੀ ਤਦ, ਜਦੋਂ ਪੰਡਿਤ ਨਹਿਰੂ ਨੇ ਖ਼ੁਦ ਨੂੰ 1955 ’ਚ ਭਾਰਤ ਰਤਨ ਪ੍ਰਦਾਨ ਕੀਤਾ, ਜਦਕਿ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੂੰ ਇਹ ਸਨਮਾਨ 1990 ’ਚ ਗੈਰ-ਕਾਂਗਰਸੀ ਸਰਕਾਰ ਦੇ ਦੌਰਾਨ ਮਿਲਿਆ।
ਮੇਰੀਆਂ 1994 ’ਚ ਕਾਂਸ਼ੀ ਰਾਮ ਜੀ ਨਾਲ ਕਈ ਲੰਬੀਆਂ ਮੁਲਾਕਾਤਾਂ ਹੋਈਆਂ ਸਨ। ਉਹ ਸੱਤਾ ਨੂੰ ਟੀਚਾ ਨਹੀਂ, ਬਲਕਿ ਸਮਾਜਿਕ ਤਬਦੀਲੀ ਦਾ ਸਾਧਨ ਮੰਨਦੇ ਸਨ। ਉਨ੍ਹਾਂ ਨੇ ਆਪਣੇ ਅੰਦੋਲਨ ਦੀ ਵਾਗਡੋਰ ਮਾਇਆਵਤੀ ਨੂੰ ਸੌਂਪੀ ਅਤੇ ਨਿੱਜੀ ਅਹੁਦਿਆਂ ਤੋਂ ਦੂਰੀ ਬਣਾਈ ਰੱਖੀ। ਤੁਸੀਂ ਆਪਣੇ ਭਾਸ਼ਣ ’ਚ ਜਿਸ ਤਰ੍ਹਾਂ ਕਲਮ ਦੀ ਵਰਤੋਂ ਕੀਤੀ, ਉਹ ਅਸਲ ’ਚ ਕਾਂਸ਼ੀ ਰਾਮ ਜੀ ਦਾ ਮਨਪਸੰਦ ਤਰੀਕਾ ਸੀ, ਉਹ ਇਸ ਨੂੰ ਬਹੁਤ ਸਰਲਤਾ ਨਾਲ ਸਮਝਾਉਂਦੇ ਸਨ।
ਰਾਹੁਲ ਜੀ, ਤੁਹਾਡੇ ਅਨੇਕ ਬਿਆਨਾਂ ’ਚ ਇਕ ਅਜਿਹਾ ਵੈਚਾਰਿਕ ਢਾਂਚਾ ਦਿਖਾਈ ਦਿੰਦਾ ਹੈ, ਜੋ ਭਾਰਤ ਦੀ ਸਨਾਤਨ ਪ੍ਰੰਪਰਾ ਨੂੰ ਹੀਣ ਭਾਵਨਾ ਨਾਲ ਦੇਖਦਾ ਹੈ। ਇਹੀ ਕਾਰਨ ਹੈ ਕਿ ਤੁਸੀਂ ਕਈ ਵਾਰ ਅਦਾਲਤ ਤੋਂ ਫਿਟਕਾਰ ਸੁਣੀ, ਸਪੱਸ਼ਟੀਕਰਨ ਦਿੱਤਾ ਅਤੇ ਮੁਆਫ਼ੀ ਤੱਕ ਮੰਗੀ। ਚਾਹੇ ਸੰਘ ਨੂੰ ਗਾਂਧੀ ਹੱਤਿਆ ਨਾਲ ਜੋੜਨ ਵਾਲੇ ਬਿਆਨ ਹੋਣ, ‘ਚੌਕੀਦਾਰ ਚੋਰ ਹੈ’ ਵਾਲਾ ਮਾਮਲਾ ਹੋਵੇ ਜਾਂ ਵੀਰ ਸਾਵਰਕਰ ’ਤੇ ਤੁਹਾਡੀਆਂ ਤੁੱਛ ਟਿੱਪਣੀਆਂ— ਹਰ ਵਾਰ ਤੁਹਾਨੂੰ ਸਫ਼ਾਈ ਦੇਣੀ ਪਈ। ਆਲੋਚਨਾ ਲੋਕਤੰਤਰ ਦਾ ਅਧਿਕਾਰ ਹੈ ਪਰ ਪੱਖਪਾਤ ਨੂੰ ਹੀ ਸੱਚ ਮੰਨ ਕੇ ਪੇਸ਼ ਕਰਨਾ ਉਚਿਤ ਨਹੀਂ।
ਤੁਹਾਡੇ ਵੱਲੋਂ ਟਰੰਪ ਦੇ ਬਿਆਨ ‘ਮੁਰਦਾ ਆਰਥਿਕਤਾ’ ਦਾ ਸਮਰਥਨ ਕਰਨਾ, ਵਿਦੇਸ਼ੀ ਧਰਤੀ ’ਤੇ ਭਾਰਤੀ ਸਿੱਖਾਂ ਦੀ ਪਛਾਣ ਖ਼ਤਰੇ ’ਚ ਦੱਸਣਾ ਅਤੇ ਬਾਹਰ ਜਾ ਕੇ ਦੇਸ਼ ਦੇ ‘ਲੋਕਤੰਤਰ ਨੂੰ ਖ਼ਤਮ’ ਕਹਿਣਾ— ਅਕਸਰ ਭਾਰਤ-ਵਿਰੋਧੀ ਸ਼ਕਤੀਆਂ ਦੇ ਹਥਿਆਰ ਬਣ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਤੁਸੀਂ ਕਿਹਾ ਕਿ ‘ਕਾਂਗਰਸ ਦੀ ਲੜਾਈ ਹੁਣ ਸਿਰਫ਼ ਭਾਜਪਾ-ਸੰਘ ਨਾਲ ਹੀ ਨਹੀਂ, ਬਲਕਿ ਇੰਡੀਅਨ ਸਟੇਟ (ਭਾਰਤ) ਨਾਲ ਹੈ’। ਕੀ ਇਹ ਸੱਚ ਨਹੀਂ ਕਿ ਇਹੀ ਭਾਸ਼ਾ ਅੱਤਵਾਦੀ-ਵੱਖਵਾਦੀ ਸੰਗਠਨ ਵੀ ਇਸਤੇਮਾਲ ਕਰਦੇ ਹਨ? ਡੋਕਲਾਮ ਕਾਂਡ ਦੇ ਦੌਰਾਨ ਤੁਹਾਡੀ ਚੀਨੀ ਰਾਜਦੂਤ ਨਾਲ ਮੁਲਾਕਾਤ ਅਤੇ ਰਣਨੀਤਕ ਰੂਪ ’ਚ ਮਹੱਤਵਪੂਰਨ ਰਾਫ਼ੇਲ ’ਤੇ ਤੁਹਾਡੇ ਬੇਤੁਕੇ ਦੋਸ਼— ਇਸੇ ਪ੍ਰਵਿਰਤੀ ਨੂੰ ਦਰਸਾਉਂਦੇ ਹਨ।
ਵਰਤਮਾਨ ਭਾਰਤ ਨੂੰ ਅਜਿਹੀ ਵਿਰੋਧੀ ਧਿਰ ਚਾਹੀਦੀ ਹੈ ਜੋ ਤੱਥਾਂ, ਗੰਭੀਰਤਾ ਅਤੇ ਹਾਂਪੱਖੀ ਵਿਕਲਪ ਦੇ ਨਾਲ ਸਰਕਾਰ ਨੂੰ ਚੁਣੌਤੀ ਦੇਵੇ। ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਤੁਹਾਡੇ ਕੋਲ ਸੰਵਾਦ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਸੁਨਹਿਰੀ ਮੌਕਾ ਹੈ। ਉਮੀਦ ਹੈ, ਤੁਸੀਂ ਇਸ ਨੂੰ ਆਤਮ-ਚਿੰਤਨ ਦੇ ਨਾਲ ਗ੍ਰਹਿਣ ਕਰੋਗੇ।
ਸਾਦਰ!
ਬਲਬੀਰ ਪੁੰਜ
‘ਨਸ਼ਿਆਂ ਦੀ ਸਮੱਗਲਿੰਗ ਤੇ ਸੇਵਨ ’ਚ’ ਹੁਣ ਕੁਝ ਨੇਤਾ ਤੇ ਉਨ੍ਹਾਂ ਦੇ ਸਬੰਧੀ ਵੀ ਸ਼ਾਮਲ!
NEXT STORY