ਅਹਿਮਦਾਬਾਦ— ਕੋਰੋਨਾ ਵਾਇਰਸ ਕਾਰਨ ਲਾਗੂ ਰਹੀ ਤਾਲਾਬੰਦੀ ਕਰ ਕੇ ਜਿੱਥੇ ਅਰਥਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਈ ਹੈ, ਉੱਥੇ ਹੀ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪਈ। ਵਿਦੇਸ਼ਾਂ ’ਚ ਰਹਿੰਦੇ ਭਾਰਤੀਆਂ ਨੂੰ ਦੁੱਗਣੀ ਪਰੇਸ਼ਾਨੀ ਹੋਈ। ਤਾਲਾਬੰਦੀ ਕਰ ਕੇ ਇਸ ਜੋੜੇ ਨਾਲ ਵੀ ਕੁਝ ਅਜਿਹਾ ਹੋਇਆ ਅਤੇ ਉਹ ਹੁਣ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਹਨ। ਦਰਅਸਲ ਗੁਜਰਾਤ ਦੇ ਅਹਿਮਦਾਬਾਦ ਵਿਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਅਵਿਨਾਸ਼ ਤਲਰੇਜਾ ਦਾ 14 ਫਰਵਰੀ ਨੂੰ ਵਿਆਹ ਹੋਇਆ ਸੀ। ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਅਵਿਨਾਸ਼ ਨੇ ਪਾਕਿਸਤਾਨ ’ਚ ਹੀ ਸੱਤ ਫੇਰੇ ਲਏ ਸਨ।
ਲੰਬੇ ਸਮੇਂ ਦੇ ਵੀਜ਼ਾ ’ਤੇ ਅਹਿਮਦਾਬਾਦ ਦੇ ਰਹਿਣ ਵਾਲੇ ਅਵਿਨਾਸ਼ ਨੂੰ ਪਤਨੀ ਨਾਲ 16 ਮਾਰਚ ਨੂੰ ਵਾਪਸ ਪਰਤਣਾ ਸੀ ਪਰ 13 ਮਾਰਚ ਤੋਂ ਹੀ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਗਿਆ। ਬਾਅਦ ’ਚ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਅਵਿਨਾਸ਼ ਤਾਂ ਜਿਵੇਂ-ਤਿਵੇਂ ਅਹਿਮਦਾਬਾਦ ਪਹੁੰਚ ਗਏ ਪਰ ਪਤਨੀ ਪਾਕਿਸਤਾਨ ਵਿਚ ਹੀ ਰਹਿ ਗਈ। ਹੁਣ ਅਵਿਨਾਸ਼ ਵਿਦੇਸ਼ ਮੰਤਰਾਲਾ ਅਤੇ ਸਰਕਾਰ ਤੋਂ ਆਪਣੀ ਗਰਭਵਤੀ ਪਤਨੀ ਨੂੰ ਭਾਰਤ ਆਉਣ ਦੀ ਇਜਾਜ਼ਤ ਅਤੇ ਵੀਜ਼ਾ ਦੇਣ ਦੀ ਮੰਗ ਕਰ ਰਹੇ ਹਨ।
ਅਵਿਨਾਸ਼ ਨੇ ਦੱਸਿਆ ਕਿ ਲੱਗਭਗ 7 ਮਹੀਨੇ ਤੱਕ ਪਾਕਿਸਤਾਨ ’ਚ ਹੀ ਫਸੇ ਰਹੇ। ਸਾਡੇ ਵੀਜ਼ਾ ਦਾ ਸਮਾਂ ਵੀ ਖਤਮ ਹੋ ਚੁੱਕਾ ਸੀ ਪਰ ਵਿਦੇਸ਼ ਮੰਤਰਾਲਾ ਨੂੰ ਵਾਰ-ਵਾਰ ਲਿਖਦੇ ਰਹੇ ਤਾਂ ਮੈਨੂੰ ਵੀਜ਼ਾ ਮਿਲ ਗਿਆ। ਉਨ੍ਹਾਂ ਨੇ ਦੱਸਿਆ ਕਿ ਮੇਰੀ ਪਤਨੀ ਗਰਭਵਤੀ ਹੈ। ਉਸ ਨੂੰ ਭਾਰਤ ਆਉਣ ਲਈ ਵੀਜ਼ਾ ਦਿੱਤਾ ਜਾਵੇ। ਤਾਂ ਜੋ ਬੱਚਾ ਜਨਮ ਲੈਣ ਵਾਲਾ ਹੈ, ਉਹ ਜਨਮ ਤੋਂ ਭਾਰਤੀ ਹੋਵੇ। ਅਵਿਨਾਸ਼ ਦਾ ਕਹਿਣਾ ਹੈ ਕਿ ਪਾਕਿਸਤਾਨ ਸਥਿਤ ਭਾਰਤੀ ਦੂਤਘਰ ਨੂੰ ਕਈ ਵਾਰ ਪਤਨੀ ਨੂੰ ਵੀਜ਼ਾ ਲਈ ਬੇਨਤੀ ਪੱਤਰ ਭੇਜਿਆ ਹੈ ਪਰ ਕੋਰੋਨਾ ਦੀ ਵਜ੍ਹਾ ਤੋਂ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਹੁਣ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਆਸ ਹੈ।
ਅਵਿਨਾਸ਼ ਦਾ ਕਹਿਣਾ ਹੈ ਕਿ ਜਦੋਂ ਉਹ ਮਹਿਜ ਇਕ ਸਾਲ ਦੇ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਪਾਕਿਸਤਾਨ ਤੋਂ ਭਾਰਤ ਆ ਗਏ ਸਨ। ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਹਿਮਦਾਬਾਦ ’ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਚੁੱਕੀ ਹੈ। ਉਹ ਵੀ ਨਾਗਰਿਕਤਾ ਲੈਣ ਲਈ ਬੇਨਤੀ ਕਰ ਚੁੱਕੇ ਹਨ। ਉਨ੍ਹਾਂ ਦੀ ਪਤਨੀ ਸਨਾ ਕੁਮਾਰੀ ਕੋਲ 45 ਦਿਨ ਦਾ ਵਿਜ਼ੀਟਰ ਵੀਜ਼ਾ ਸੀ। ਉਹ ਵੀ ਭਾਰਤ ਆਉਣ ਨੂੰ ਲੈ ਕੇ ਖੁਸ਼ ਸੀ ਪਰ ਐਨ ਮੌਕੇ ’ਤੇ ਭਾਰਤ ਸਰਕਾਰ ਨੇ ਵੀਜ਼ਾ ਸਸਪੈਂਡ ਕਰ ਦਿੱਤੇ।
USA : ਹਵਾਈ ਫ਼ੌਜ 'ਚ ਸ਼ਾਮਲ ਹੋਈ ਇਹ ਭਾਰਤੀ ਮੁਟਿਆਰ
NEXT STORY