ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋਣ ਦੇ ਕਰੀਬ 4 ਦਿਨਾਂ ਬਾਅਦ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਮੁਖੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਵ੍ਹੀਲ ਚੇਅਰ ’ਤੇ ਬੈਠ ਕੇ ਆਪਣੀ ਪਾਰਟੀ ਦੇ ਇਕ ਰੋਡ ਸ਼ੋਅ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਇਕ ਜ਼ਖਮੀ ਸ਼ੇਰ ਹੋਰ ਵੱਧ ਖ਼ਤਰਨਾਕ ਹੁੰਦਾ ਹੈ। ਬੈਨਰਜੀ ਨਾਲ ਟੀ. ਐੱਮ. ਸੀ. ਦੇ ਸੀਨੀਅਰ ਨੇਤਾ ਵੀ ਮੌਜੂਦ ਸਨ।

ਮਮਤਾ ਨੇ ਹੱਥ ਜੋੜ ਕੇ ਲੋਕਾਂ ਦਾ ਨਮਸਕਾਰ ਸਵੀਕਾਰ ਕਰ ਰਹੀ ਸੀ, ਜਦਕਿ ਸੁਰੱਖਿਆ ਕਾਮੇ ਉਨ੍ਹਾਂ ਦੀ ਵ੍ਹੀਲ ਚੇਅਰ ਨੂੰ ਫੜ ਕੇ ਅੱਗੇ ਵਧਾ ਰਹੇ ਸਨ। ਬੈਨਰਜੀ ‘ਨੰਦੀਗ੍ਰਾਮ’ ਦਿਵਸ ਮੌਕੇ ’ਤੇ ਮਾਯੋ ਰੋਡ ਤੋਂ ਹਾਜ਼ਰਾ ਮੋੜ ਤੱਕ 5 ਕਿਲੋਮੀਟਰ ਲੰਬੇ ਰੋਡ ਸ਼ੋਅ ਵਿਚ ਸ਼ਾਮਲ ਹੋਈ। ਮਮਤਾ ਬੈਨਰਜੀ ਹਾਈ-ਪ੍ਰੋਫਾਈਲ ਨੰਦੀਗ੍ਰਾਮ ਸੀਟ ਤੋਂ ਪਹਿਲੀ ਵਾਰ ਚੋਣ ਲੜ ਰਹੀ ਹੈ। ਬੈਨਰਜੀ ਦਾ ਮੁਕਾਬਲਾ ਉਨ੍ਹਾਂ ਦੇ ਸਾਬਕਾ ਭਰੋਸੇਮੰਦ ਸ਼ੁਭੇਂਦੁ ਅਧਿਕਾਰੀ ਨਾਲ ਹੈ, ਜੋ ਕਿ ਹੁਣ ਭਾਜਪਾ ’ਚ ਸ਼ਾਮਲ ਹੋ ਗਏ ਹਨ।

ਘੰਟੇ ਭਰ ਦੇ ਰੋਡ ਸ਼ੋਅ ਤੋਂ ਬਾਅਦ ਸਭਾ ਨੂੰ ਸੰਬੋਧਿਤ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਫੇਲ੍ਹ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਵ੍ਹੀਲ ਚੇਅਰ ’ਤੇ ਹੀ ਸੂਬੇ ਭਰ ਵਿਚ ਟੀ. ਐੱਮ. ਸੀ. ਉਮੀਦਵਾਰਾਂ ਲਈ ਪ੍ਰਚਾਰ ਕਰੇਗੀ।

ਮਮਤਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕੀਤਾ ਹੈ ਪਰ ਮੈਂ ਕਦੇ ਕਿਸੇ ਦੇ ਸਾਹਮਣੇ ਆਤਮਸਮਰਪਣ ਨਹੀਂ ਕੀਤਾ ਹੈ। ਮੈਂ ਆਪਣਾ ਸਿਰ ਕਦੇ ਨਹੀਂ ਝੁਕਾਵਾਂਗੀ। ਇਕ ਜ਼ਖਮੀ ਸ਼ੇਰ ਹੋਰ ਵੱਧ ਖਤਰਨਾਕ ਹੋ ਜਾਂਦਾ ਹੈ। ਮੇਰਾ ਦਰਦ ਲੋਕਾਂ ਦੇ ਦਰਦ ਤੋਂ ਵਧ ਨਹੀਂ ਹੈ, ਕਿਉਂਕਿ ਤਾਨਾਸ਼ਾਹੀ ਜ਼ਰੀਏ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਓਧਰ ਤ੍ਰਿਣਮੂਲ ਕਾਂਗਰਸ ਸਮਰਥਕਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿਚ ਬਾਹਰੀ ਲੋਕਾਂ ਨੂੰ ਹਰਾਉਣ ਦੀ ਅਪੀਲ ਕੀਤੀ।

ਦੱਸਣਯੋਗ ਹੈ ਕਿ ਮਮਤਾ ਬੈਨਰਜੀ ਨੂੰ 10 ਮਾਰਚ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਪ੍ਰਚਾਰ ਕਰਨ ਦੌਰਾਨ ਨੰਦੀਗ੍ਰਾਮ ’ਚ ਸੱਟਾਂ ਲੱਗੀਆਂ ਸਨ। ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਇਹ ਉਨ੍ਹਾਂ ਦੀ ਜਾਨ ਲੈਣ ਦੀ ਭਾਜਪਾ ਦੀ ਸਾਜਿਸ਼ ਸੀ। ਚੋਣ ਕਮਿਸ਼ਨ ਨੇ ਹਾਲਾਂਕਿ ਇਸ ਤੋਂ ਇਨਕਾਰ ਕੀਤਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ’ਤੇ ਕੋਈ ਹਮਲਾ ਹੋਇਆ ਸੀ। ਚੋਣ ਕਮਿਸ਼ਨ ਨੇ ਇਹ ਗੱਲ ਕਮਿਸ਼ਨ ਦੇ ਦੋ ਵਿਸ਼ੇਸ਼ ਚੋਣ ਸੁਪਰਵਾਈਜ਼ਰ ਅਤੇ ਸੂਬਾ ਸਰਕਾਰ ਵਲੋਂ ਭੇਜੀਆਂ ਗਈਆਂ ਰਿਪੋਰਟਾਂ ਦੀ ਸਮੀਖਿਆ ਤੋਂ ਬਾਅਦ ਆਖੀ। ਕਮਿਸ਼ਨ ਨੇ ਕਿਹਾ ਕਿ ਬੈਨਰਜੀ ਨੂੰ ਸੱਟਾਂ ਉਨ੍ਹਾਂ ਦੇ ਸੁਰੱਖਿਆ ਮੁਖੀ ਦੀ ਚੂਕ ਕਾਰਨ ਲੱਗੀਆਂ।

ਅੰਬਾਨੀ ਦੇ ਘਰ ਵਿਸਫ਼ੋਟਕ ਕਾਰ ਮਾਮਲਾ : 25 ਮਾਰਚ ਤੱਕ NIA ਹਿਰਾਸਤ 'ਚ ਭੇਜੇ ਗਏ ਸਚਿਨ ਵਾਜੇ
NEXT STORY