ਮਥੁਰਾ- ਕਿਹਾ ਜਾਂਦਾ ਹੈ ਕਿ ਜਿਸ ਨੂੰ ਰੱਬ ਰੱਖੇ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਵਿਚੋਂ ਕਿਸਮਤ ਵਾਲੇ ਚਮਤਕਾਰੀ ਢੰਗ ਨਾਲ ਬਚ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਉੱਤਰ ਪ੍ਰਦੇਸ਼ ਦੇ ਮਥੁਰਾ 'ਚ, ਜਿੱਥੇ 8 ਸਾਲ ਦੀ ਬੱਚੀ ਚੱਲਦੀ ਟਰੇਨ 'ਚੋਂ ਹੇਠਾਂ ਡਿੱਗ ਗਈ ਪਰ ਉਹ ਚਮਤਕਾਰੀ ਢੰਗ ਨਾਲ ਬਚ ਗਈ। ਜਿਸ ਸਮੇਂ ਬੱਚੀ ਡਿੱਗੀ ਉਸ ਸਮੇਂ ਟਰੇਨ ਦੀ ਸਪੀਡ ਕਰੀਬ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸੀ। ਕੁਝ ਦੇਰ ਬਾਅਦ ਮਾਂ-ਬਾਪ ਨੂੰ ਪਤਾ ਲੱਗਾ ਕਿ ਬੱਚੀ ਸੀਟ ਤੋਂ ਗਾਇਬ ਹੈ। ਹਫੜਾ-ਦਫੜੀ ਵਿਚ ਟਰੇਨ ਨੂੰ ਰਾਤ ਦੇ ਸਮੇਂ ਜੰਗਲ 'ਚ ਰੁਕਵਾਇਆ ਗਿਆ। ਬੱਚੀ ਦੀ ਭਾਲ ਸ਼ੁਰੂ ਹੋਈ ਤਾਂ ਜ਼ਖ਼ਮੀ ਬੱਚੀ ਝਾੜੀਆਂ ਵਿਚ ਪਈ ਮਿਲੀ।
ਚੱਲਦੀ ਟਰੇਨ 'ਚੋਂ ਡਿੱਗੀ ਝਾੜੀਆਂ 'ਚ ਡਿੱਗੀ ਬੱਚੀ
ਬੱਚੀ ਆਪਣੇ ਮਾਂ-ਬਾਪ ਨਾਲ ਮੱਧ ਪ੍ਰਦੇਸ਼ ਤੋਂ ਮਥੁਰਾ ਆ ਰਹੀ ਸੀ, ਤਾਂ ਐਮਰਜੈਂਸੀ ਵਿੰਡੋ ਕੋਲ ਬੈਠੀ ਇਹ ਬੱਚੀ ਚੱਲਦੀ ਟਰੇਨ 'ਚੋਂ ਹੇਠਾਂ ਡਿੱਗ ਗਈ। ਟਰੇਨ ਦੇ 10-15 ਕਿਲੋਮੀਟਰ ਅੱਗੇ ਜਾਣ 'ਤੇ ਪਿਤਾ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਗਾਇਬ ਹੈ। ਜਿਸ ਤੋਂ ਬਾਅਦ ਰਾਤ ਦੇ ਸਮੇਂ ਟਰੇਨ ਜੰਗਲ ਵਿਚ ਰੋਕੀ ਗਈ। ਕਰੀਬ 17 ਕਿਲੋਮੀਟਰ ਦੂਰ ਬੱਚੀ ਝਾੜੀਆਂ ਵਿਚ ਜ਼ਖ਼ਮੀ ਹਾਲਤ 'ਚ ਮਿਲੀ। ਬੱਚੀ ਦੇ ਪੈਰ 'ਤੇ ਗੰਭੀਰ ਸੱਟ ਲੱਗੀ।
ਜੱਦੀ ਪਿੰਡ 'ਚ ਨਰਾਤੇ ਮਨਾਉਣ ਗਿਆ ਸੀ ਪਰਿਵਾਰ
ਦਰਅਸਲ ਵਰਿੰਦਾਵਨ ਦੇ ਰਹਿਣ ਵਾਲੇ ਅਰਵਿੰਦ ਤਿਵਾੜੀ ਆਪਣੀ ਪਤਨੀ ਅੰਜਲੀ ਅਤੇ 8 ਸਾਲ ਦੀ ਧੀ ਗੌਰੀ, 5 ਸਾਲ ਦੇ ਪੁੱਤਰ ਮ੍ਰਿਦੁਲ ਨਾਲ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਸਥਿਤ ਜੱਦੀ ਪਿੰਡ 'ਚ ਨਰਾਤੇ ਮਨਾਉਣ ਗਏ ਸਨ। ਅਸ਼ਟਮੀ ਦੀ ਪੂਜਾ ਕਰ ਕੇ ਸ਼ੁੱਕਰਵਾਰ ਨੂੰ ਟਰੇਨ ਤੋਂ ਮਥੁਰਾ ਆ ਰਹੇ ਸਨ। ਇਸ ਦੌਰਾਨ ਲਲਿਤਪੁਰ ਰੇਲਵੇ ਸਟੇਸ਼ਨ ਤੋਂ 7-8 ਕਿਲੋਮੀਟਰ ਦੂਰ ਇਹ ਹਾਦਸਾ ਵਾਪਰ ਗਿਆ।
ਮਾਂ ਬੋਲੀ- ਮੇਰੀ ਧੀ ਦਾ ਦੂਜਾ ਜਨਮ ਹੋਇਆ
ਟਰੇਨ ਦੀ ਐਮਰਜੈਂਸੀ ਖਿੜਕੀ ਤੋਂ ਡਿੱਗੀ ਗੌਰੀ ਨੇ ਦੱਸਿਆ ਕਿ ਮੈਂ ਟਰੇਨ ਦੀ ਖਿੜਕੀ ਕੋਲ ਬੈਠੀ ਸੀ। ਭਰਾ ਨਾਲ ਖੇਡ ਰਹੀ ਸੀ। ਟਰੇਨ ਦੀ ਖਿੜਕੀ ਖੁੱਲ੍ਹੀ ਹੋਈ ਸੀ ਅਚਾਨਕ ਮੋੜ ਆਇਆ ਅਤੇ ਤੇਜ਼ ਹਵਾ ਕਾਰਨ ਖਿੜਕੀ ਤੋਂ ਬਾਹਰ ਜਾ ਡਿੱਗੀ। ਮੇਰੇ ਪੈਰ ਵਿਚ ਸੱਟ ਲੱਗੀ ਸੀ, ਇਸ ਕਾਰਨ ਖੜ੍ਹੀ ਨਹੀਂ ਹੋ ਸਕੀ। ਝਾੜੀਆਂ 'ਚ ਕਰੀਬ 2 ਘੰਟੇ ਤੱਕ ਪਈ ਰੋਂਦੀ ਰਹੀ। ਹਨ੍ਹੇਰਾ ਹੋਣ ਕਾਰਨ ਡਰ ਲੱਗ ਰਿਹਾ ਸੀ ਪਰ ਬਾਅਦ ਵਿਚ ਮੰਮੀ-ਪਾਪਾ ਅਤੇ ਸਾਰੇ ਲੋਕ ਆ ਗਏ। ਓਧਰ ਗੌਰੀ ਦੀ ਮਾਂ ਅੰਜਲੀ ਨੇ ਰੋਂਦੇ ਹੋਏ ਕਿਹਾ ਕਿ ਧੀ ਨੂੰ ਸਹੀ ਸਲਾਮਤ ਵੇਖ ਕੇ ਪਰਿਵਾਰ ਵਿਚ ਖੁਸ਼ੀ ਹੈ। ਨਰਾਤਿਆਂ ਵਿਚ ਦੇਵੀ ਮਾਂ ਨੇ ਚਮਤਕਾਰ ਕੀਤਾ, ਜਿਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਾਂਗੇ। ਮੇਰੀ ਧੀ ਦਾ ਦੂਜਾ ਜਨਮ ਹੋਇਆ ਹੈ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ, ਦੋ ਹੋਏ ਬੀਮਾਰ
NEXT STORY