ਨਵੀਂ ਦਿੱਲੀ (ਕਮਲ ਕੁਮਾਰ)— ਸਾਲ 2013 ਨੂੰ ਸੱਜਣ ਕੁਮਾਰ ਦੇ ਬਰੀ ਹੋਣ ਤੋਂ ਬਾਅਦ ਸਿੱਖਾਂ ਵਲੋਂ ਰੋਕੀ ਗਈ ਮੈਟਰੋ ਟਰੇਨ ਮਾਮਲੇ ਦੀ ਅੱਜ ਭਾਵ ਵੀਰਵਾਰ ਨੂੰ ਤੀਸ ਹਜ਼ਾਰੀ ਕੋਰਟ 'ਚ ਸੁਣਵਾਈ ਹੋਈ। ਇਸ ਸੁਣਵਾਈ ਵਿਚ 5 ਦੋਸ਼ੀਆਂ 'ਚੋਂ ਸਿਰਫ ਪਰਮਿੰਦਰ ਪਾਲ ਸਿੰਘ ਹੀ ਕੋਰਟ 'ਚ ਪੇਸ਼ ਹੋਏ, ਜਦਕਿ ਬਾਕੀ ਦੇ 4 ਦੋਸ਼ੀਆਂ- ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ, ਹਰਦੇਵ ਸਿੰਘ ਧਨੋਵਾ ਅਤੇ ਜਸਪ੍ਰੀਤ ਸਿੰਘ ਵਿੱਕੀਮਾਨ ਨੇ ਪੇਸ਼ੀ ਤੋਂ ਛੋਟ ਮੰਗੀ ਸੀ। ਪਰਮਿੰਦਰ ਪਾਲ ਨੂੰ ਕੋਰਟ ਨੇ 10,000 ਰੁਪਏ ਦੇ ਨਿਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਅਤੇ ਇਸ ਦੇ ਨਾਲ ਹੀ ਬਾਕੀ ਦੋਸ਼ੀਆਂ ਨੂੰ ਅਗਲੀ ਸੁਣਵਾਈ 9 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਦੱਸਣਯੋਗ ਹੈ ਕਿ ਸੱਜਣ ਨੂੰ ਕੜਕੜਡੂਮਾ ਕੋਰਟ ਵਲੋਂ ਬਰੀ ਕਰਨ ਵਿਰੁੱਧ 2013 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਗਏ ਲੜੀਵਾਰ ਪ੍ਰਦਰਸ਼ਨ ਕੀਤੇ ਗਏ ਸਨ। ਉਨ੍ਹਾਂ ਨੇ 1 ਮਈ 2013 ਨੂੰ ਸੁਭਾਸ਼ ਨਗਰ ਵਿਖੇ ਮੈਟਰੋ ਦੀ ਆਵਾਜਾਈ ਰੋਕੀ ਸੀ। ਇਸ ਮਾਮਲੇ ਦੇ ਸਬੰਧ ਵਿਚ ਕੋਰਟ ਨੇ ਪਿਛਲੇ ਦਿਨੀਂ 5 ਅਕਾਲੀ ਆਗੂਆਂ ਨੂੰ ਸੰਮਨ ਭੇਜਿਆ ਸੀ।
ਓਧਰ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੀ ਇਸ ਮੌਕੇ ਦੋਸ਼ੀਆਂ ਨੂੰ ਨੈਤਿਕ ਸਮਰਥਨ ਦੇਣ ਲਈ ਕੋਰਟ ਪੁੱਜੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ. ਕੇ. ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲਗਾਤਾਰ ਪ੍ਰਦਰਸ਼ਨਾਂ ਕਾਰਨ ਹੀ ਯੂ. ਪੀ. ਏ. ਸਰਕਾਰ ਸੱਜਣ ਕੁਮਾਰ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਅਪੀਲ ਦਾਇਰ ਕਰਨ ਨੂੰ ਤਿਆਰ ਹੋਈ ਸੀ। ਇਸ ਕੇਸ 'ਚ ਮੁੜ ਵਿਚਾਰ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਸੱਜਣ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾ ਕੇ ਮੰਡੋਲੀ ਜੇਲ ਭੇਜਿਆ ਹੈ, ਜਿੱਥੇ ਉਹ ਅੱਜ ਸਜ਼ਾ ਕੱਟ ਰਿਹਾ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਇਹ ਵਿਰੋਧ ਪ੍ਰਦਰਸ਼ਨ ਸਾਡੀ ਇਨਸਾਫ ਦੀ ਲੜਾਈ ਲਈ ਬਹੁਤ ਅਹਿਮੀਅਤ ਰੱਖਦੇ ਸਨ। ਜੇਕਰ ਸਾਡੇ ਸਾਥੀ ਇਹ ਉਦਮ ਨਾ ਕਰਦੇ ਤਾਂ ਉਸ ਵੇਲੇ ਕਾਂਗਰਸ ਸਰਕਾਰ ਨੇ ਸਾਡੇ ਜਵਾਬ ਵਿਚ ਸੱਜਣ ਵਿਰੁੱਧ ਅਪੀਲ ਦਾਇਰ ਨਹੀਂ ਕਰਨੀ ਸੀ।
ਨਰਿੰਦਰ ਮੋਦੀ ਨੇ ਦੇਸ਼ ਦਾ 270 ਟਨ ਸੋਨਾ ਗਿਰਵੀ ਰੱਖਿਆ : ਸਿੱਧੂ
NEXT STORY