ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਰਵੀਸ਼ ਕੁਮਾਰ ਦੀ ਜਗ੍ਹਾ ਅਨੁਰਾਗ ਸ਼੍ਰੀਵਾਸਤਵ ਅਗਲਾ ਬੁਲਾਰਾ ਹੋ ਸਕਦੇ ਹਨ। ਮੰਤਰਾਲੇ ਦੇ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਅਨੁਰਾਗ ਸ਼੍ਰੀਵਾਸਤਵ 1999 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਹਨ ਅਤੇ ਇਸ ਸਮੇਂ ਈਥੋਪੀਆ ਅਤੇ ਅਫਰੀਕਨ ਯੂਨੀਅਨ 'ਚ ਭਾਰਤ ਦੇ ਰਾਜਦੂਤ ਹਨ। ਕਿਹਾ ਜਾ ਰਿਹਾ ਹੈ ਕਿ ਰਵੀਸ਼ ਕੁਮਾਰ ਨੂੰ ਸਰਕਾਰ ਕ੍ਰੋਏਸ਼ੀਆ ਦੇ ਰਾਜਦੂਤ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਅੱਜ ਯਾਨੀ ਸ਼ੁੱਕਰਵਾਰ ਸ਼ਾਮ ਤੱਕ ਬੁਲਾਰੇ ਦੇ ਨਾਂ ਦਾ ਐਲਾਨ ਕਰ ਸਕਦੀ ਹੈ।
ਜਾਣੋ ਕੌਣ ਹਨ ਅਨੁਰਾਗ ਸ਼੍ਰੀਵਾਸਤਵ
ਇਥੋਪੀਆ ਦੇ ਰਾਜਦੂਤ ਨਿਯੁਕਤ ਹੋਣ ਤੋਂ ਪਹਿਲਾਂ ਅਨੁਰਾਗ ਸ਼੍ਰੀਵਾਸਤਵ ਨੇ ਵਿਦੇਸ਼ ਮੰਤਰਾਲੇ 'ਚ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਹ ਵਿਭਾਗ ਮੰਤਰਾਲੇ ਨੂੰ ਹਰ ਸਾਲ ਮਿਲਣ ਵਾਲੇ ਬਜਟ 'ਤੇ ਨਜ਼ਰ ਰੱਖਦਾ ਹੈ। ਇਸ ਤੋਂ ਇਲਾਵਾ ਉਹ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨ 'ਚ ਸਿਆਸੀ ਸ਼ਾਖਾ ਦੇ ਮੁਖੀਆ ਵੀ ਰਹਿ ਚੁਕੇ ਹਨ। ਸ਼੍ਰੀਵਾਸਤਵ ਕੋਲ ਜੇਨੇਵਾ 'ਚ ਭਾਰਤ ਦੇ ਸਥਾਈ ਮਿਸ਼ਨ 'ਚ ਤਾਇਨਾਤੀ ਦਾ ਵੀ ਚੰਗਾ ਅਨੁਭਵ ਹੈ। ਅਨੁਰਾਗ ਕੋਲ ਇੰਜੀਨੀਅਰਿੰਗ ਅਤੇ ਐੱਮ.ਬੀ.ਏ. ਦੀ ਡਿਗਰੀ ਹੈ। ਭਾਰਤੀ ਵਿਦੇਸ਼ ਸੇਵਾ 'ਚ ਆਉਣ ਤੋਂ ਪਹਿਲਾਂ ਉਹ ਦੇਸ਼ ਦੇ ਕਾਰਪੋਰੇਟ ਸੈਕਟਰ 'ਚ ਵੀ ਕੰਮ ਕਰ ਚੁਕੇ ਹਨ। ਉਨ੍ਹਾਂ ਕੋਲ ਆਕਸਫੋਰਡ ਯੂਨੀਵਰਸਿਟੀ ਤੋਂ ਡਿਪਲੋਮੈਟਿਕ ਸਟਡੀਜ਼ 'ਚ ਪੋਸਟ ਗਰੈਜੂਏਟ ਡਿਪਲੋਮਾ ਵੀ ਹੈ।
ਜਾਣੋ ਰਵੀਸ਼ ਕੁਮਾਰ ਬਾਰੇ
ਰਵੀਸ਼ ਕੁਮਾਰ 4 ਅਗਸਤ 2017 ਤੋਂ ਬੁਲਾਰੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਅਤੇ ਉਨ੍ਹਾਂ ਨੇ ਗੋਪਾਲ ਬਾਗਲੇ ਦੀ ਜਗ੍ਹਾ ਲਈ ਸੀ। 49 ਸਾਲ ਦੇ ਰਵੀਸ਼ ਕੁਮਾਰ ਨੂੰ ਸਰਕਾਰ ਯੂਰਪ 'ਚ ਰਾਜਦੂਤ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਵਿਦੇਸ਼ ਮੰਤਰਾਲੇ 'ਚ ਬੁਲਾਰੇ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਰਵੀਸ਼ ਕੁਮਾਰ ਜਰਮਨੀ 'ਚ ਫਰੈਂਕਫਰਟ 'ਚ ਕਾਊਂਸਲ ਜਨਰਲ ਸਨ। ਉਹ ਸਾਲ 1995 ਦੇ ਬੈਂਚ ਦੇ ਆਈ.ਐੱਫ.ਐੱਸ. ਅਫ਼ਸਰ ਹਨ। ਬਤੌਰ ਡਿਪਲੋਮੈਟ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਭਾਰਤੀ ਮਿਸ਼ਨ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ਭੂਟਾਨ ਦੀ ਰਾਜਧਾਨੀ ਥਿਮਪੂ ਅਤੇ ਬ੍ਰਿਟੇਨ ਦੀ ਰਾਜਧਾਨੀ ਲੰਡਨ 'ਚ ਵੀ ਤਾਇਨਾਤ ਰਹੇ ਹਨ।
ਆਗਰਾ: ਕੋਰੋਨਾਵਾਇਰਸ ਪੀਡ਼ਤ ਪਰਿਵਾਰ ਦੇ ਸੰਪਰਕ 'ਚ ਆਏ ਸਾਰੇ 25 ਲੋਕਾਂ ਦੀ ਰਿਪੋਰਟ ਨੈਗੇਟਿਵ
NEXT STORY