ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਨਕਸਲਵਾਦ ਦੇ ਖਾਤਮੇ ਤੱਕ ਚੈਨ ਨਾਲ ਨਹੀਂ ਬੈਠੇਗੀ। ਛੱਤੀਸਗੜ੍ਹ ਦੀ ਕਰੇਗੁਟਾ ਪਹਾੜੀ ’ਤੇ ਆਪ੍ਰੇਸ਼ਨ ‘ਬਲੈਕ ਫਾਰੈਸਟ’ ਨੂੰ ਸਫਲਤਾਪੂਰਵਕ ਅੰਜਾਮ ਦੇਣ ਵਾਲੇ ਸੀ. ਆਰ. ਪੀ. ਐੱਫ., ਛੱਤੀਸਗੜ੍ਹ ਪੁਲਸ, ਜ਼ਿਲਾ ਰਿਜ਼ਰਵ ਗਾਰਡ (ਡੀ.ਆਰ.ਜੀ.) ਤੇ ਕੋਬਰਾ ਫੋਰਸ ਦੇ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਸ਼ਾਹ ਨੇ ਬੁੱਧਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਭਾਰਤ ਨੂੰ ਨਕਸਲ ਮੁਕਤ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ ਜਦੋਂ ਤੱਕ ਸਾਰੇ ਨਕਸਲੀ ਆਤਮਸਮਰਪਣ ਨਹੀਂ ਕਰ ਦਿੰਦੇ, ਫੜੇ ਨਹੀਂ ਜਾਂਦੇ ਜਾਂ ਉਨ੍ਹਾਂ ਦਾ ਸਫਾਇਆ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ‘ਬਲੈਕ ਫਾਰੈਸਟ’ ਦੌਰਾਨ ਜਵਾਨਾਂ ਵੱਲੋਂ ਵਿਖਾਈ ਗਈ ਬਹਾਦਰੀ ਨੂੰ ਨਕਸਲ ਵਿਰੋਧੀ ਕਾਰਵਾਈਆਂ ਦੇ ਇਤਿਹਾਸ ’ਚ ਇਕ ਸੁਨਹਿਰੀ ਅਧਿਆਇ ਵਜੋਂ ਯਾਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗਰਮੀ, ਉਚਾਈ ਅਤੇ ਹਰ ਕਦਮ ’ਤੇ ਆਈ. ਈ. ਡੀ. ਦੇ ਖ਼ਤਰੇ ਦੇ ਬਾਵਜੂਦ ਸੁਰੱਖਿਆ ਫੋਰਸਾਂ ਨੇ ਉੱਚ ਮਨੋਬਲ ਨਾਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਤੇ ਇਕ ਵੱਡੇ ਨਕਸਲ ਬੇਸ ਕੈਂਪ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਲਗਾਤਾਰ ਨਕਸਲ ਵਿਰੋਧੀ ਕਾਰਵਾਈਆਂ ਕਾਰਨ ਪਸ਼ੂਪਤੀਨਾਥ ਤੋਂ ਤਿਰੂਪਤੀ ਤੱਕ ਫੈਲੇ ਪੂਰੇ ਖੇਤਰ ਦੇ 6.5 ਕਰੋੜ ਲੋਕਾਂ ਦੀ ਜ਼ਿੰਦਗੀ ’ਚ ਇਕ ਨਵਾਂ ਸੂਰਜ ਚੜ੍ਹਿਆ ਹੈ। ਮੋਦੀ ਸਰਕਾਰ ਨਕਸਲ ਵਿਰੋਧੀ ਕਾਰਵਾਈਆਂ ਦੌਰਾਨ ਗੰਭੀਰ ਰੂਪ ’ਚ ਜ਼ਖਮੀ ਹੋਏ ਜਵਾਨਾਂ ਦੀ ਮਦਦ ਕਰਨ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ।
ਉੱਤਰ ਪ੍ਰਦੇਸ਼ ’ਚ ਹੜ੍ਹਾਂ ਨਾਲ 17 ਜ਼ਿਲੇ ਪ੍ਰਭਾਵਿਤ, 400 ਤੋਂ ਵੱਧ ਪਿੰਡ ਡੁੱਬੇ
NEXT STORY