ਰੁਦਰਪ੍ਰਯਾਗ : ਉੱਤਰਾਖੰਡ ਸਥਿਤ ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੇ ਨਾਲ ਹੀ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਯਾਤਰਾ ਦੇ ਸ਼ੁਰੂਆਤੀ ਪਹਿਲੇ ਤਿੰਨ ਦਿਨਾਂ ਵਿੱਚ ਹੀ 90,000 ਤੋਂ ਵੱਧ ਤੀਰਥ ਯਾਤਰੀ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ।
ਬੁੱਧਵਾਰ, 22 ਅਪ੍ਰੈਲ ਨੂੰ ਕੇਦਾਰਨਾਥ ਧਾਮ ਦੇ ਕਪਾਟ ਆਮ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਰੁਦਰਪ੍ਰਯਾਗ ਦੀ ਪੁਲਸ ਸੁਪਰਡੈਂਟ (SP) ਨਿਹਾਰਿਕਾ ਤੋਮਰ ਨੇ ਦੱਸਿਆ ਕਿ ਪਹਿਲੇ ਦਿਨ (22 ਅਪ੍ਰੈਲ) ਨੂੰ 38,000 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਦੂਜੇ ਦਿਨ 25,000 ਤੋਂ ਵੱਧ ਯਾਤਰੀ ਪਹੁੰਚੇ। ਤੀਜੇ ਦਿਨ (ਸ਼ੁੱਕਰਵਾਰ) ਨੂੰ ਸ਼ਾਮ ਤੱਕ 30,000 ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ।
ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਕੇਦਾਰਪੁਰੀ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੁਲਸ ਬਲ ਦੇ ਨਾਲ-ਨਾਲ ਕੇਂਦਰੀ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ SDRF, NDRF ਅਤੇ ਅਗਨਿਸ਼ਮਨ ਸੇਵਾਵਾਂ ਦੀਆਂ ਟੀਮਾਂ ਵੀ ਮੌਕੇ 'ਤੇ ਮੁਸਤੈਦ ਹਨ।
ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਵਿਸ਼ਾਲ ਮਿਸ਼ਰਾ ਅਤੇ ਪੁਲਸ ਸੁਪਰਡੈਂਟ ਨੇ ਖੁਦ ਯਾਤਰਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਪੁਸ਼ਟ ਸੂਚਨਾਵਾਂ ਜਾਂ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਯਾਤਰਾ ਨਾਲ ਸਬੰਧਤ ਸਹੀ ਜਾਣਕਾਰੀ ਲਈ ਸਿਰਫ਼ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰਤ ਮੀਡੀਆ ਹੈਂਡਲਜ਼ ਦੀ ਹੀ ਵਰਤੋਂ ਕਰਨ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਉਹ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਖਦ ਯਾਤਰਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਬਲੀਆ ’ਚ ਪੈਟਰੋਲ ਨਾ ਮਿਲਣ ਕਾਰਨ ਰਸਤੇ ’ਚ ਰੁਕੀ ਐਂਬੂਲੈਂਸ, ਮਰੀਜ਼ ਦੀ ਮੌਤ
NEXT STORY