ਮੁੰਬਈ- ਦੇਸ਼ ਦੀ ਉਦਯੋਗਿਕ ਰਾਜਧਾਨੀ ਕਹੀ ਜਾਣ ਵਾਲੇ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਸਿਰਫ਼ 11 ਮਹੀਨਿਆਂ ਦੇ ਅੰਦਰ 604 ਕਿਲੋ ਸੋਨਾ ਫੜਿਆ ਗਿਆ ਹੈ ਜਿਸਦੀ ਕੀਮਤ ਕਰੀਬ 360 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਅੰਕੜਾ ਇੰਨਾ ਵੱਡਾ ਹੈ ਕਿ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਇਕ ਤਰ੍ਹਾਂ ਦੇਸ਼ 'ਚ ਸੋਨੇ ਦੀ ਤਸਕਰੀ ਦਾ ਸਭ ਤੋਂ ਵੱਡੇ ਅੱਡੇ ਦੇ ਰੂਪ 'ਚ ਉਭਰਦਾ ਨਜ਼ਰ ਆ ਰਿਹਾ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਇੰਨੇ ਦੀ ਸਮੇਂ 'ਚ 374 ਕਿਲੋ ਜਦਕਿ ਚੇਨਈ 'ਚ 306 ਕਿਲੋ ਗੈਰ-ਕਾਨੂੰਨੀ ਸੋਨਾ ਫੜਿਆ ਗਿਆ ਹੈ। ਕਸਟਮ ਵਿਭਾਗ ਨੇ ਇਨ੍ਹਾਂ ਅੰਕੜਿਆਂ ਦਾ ਖੁਲਾਸਾ ਕੀਤਾ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ, ਕਸਟਮ ਅਧਿਕਾਰੀ ਦੱਸਦੇ ਹਨ ਕਿ ਸੋਨੇ ਦੇ ਤਸਕਰਾਂ ਲਈ ਮੁੰਬਈ ਮੁੱਖ ਰੂਪ ਨਾਲ ਇਕ 'ਟ੍ਰਾਂਜਿਸਟ ਹਬ' ਦੀ ਤਰ੍ਹਾਂ ਹੈ ਕਿਉਂਕਿ ਇੱਥੇ ਕੀਮਤੀ ਧਾਤੂਆਂ ਲਈ ਇਕ ਵੱਡਾ ਬਾਜ਼ਾਰ ਹੈ। ਇਸ ਤੋਂ ਇਲਾਵਾ ਜ਼ੌਹਰੀਆਂ ਸਣੇ ਕਈ ਸਿੰਡੀਕੇਟ ਹਨ ਜੋ ਅਜਿਹੇ ਰਾਕੇਟ ਚਲਾਉਣ ਵਾਲਿਆਂ ਨੂੰ ਵਿੱਤੀ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਇਲਾਵਾ ਤਿੰਨ ਹੋਰ ਮੈਟਰੋ ਸ਼ਹਿਰ- ਦਿੱਲੀ, ਕੋਲਕਾਤਾ ਅਤੇ ਚੇਨਈ ਵੀ ਅੰਤਰਰਾਸ਼ਟਰੀ ਮਾਰਗਾਂ ਲਈ ਤਸਕਰਾਂ ਦੀ ਪਸੰਦ ਹਨ। ਹੈਦਰਾਬਾਦ 'ਚ ਵੀ ਸੋਨੇ ਦੀ ਤਸਕਰੀ ਦੇ ਮਾਮਲਿਆਂ 'ਚ ਹਾਲ ਹੀ 'ਚ ਵਾਧਾ ਦੇਖਿਆ ਗਿਆ ਹੈ। ਇੱਥੇ ਪਿਛਲੇ ਸਾਲ ਜ਼ਬਤ ਕੀਤੇ ਗਏ 55 ਕਿਲੋ ਸੋਨੇ ਦੇ ਮੁਕਾਬਲੇ ਇਸ ਵਾਰ 124 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ।
ਕੋਰੋਨਾ ਮਹਾਮਾਰੀ ਤੋਂ ਪਹਿਲਾਂ 2019-20 'ਚ ਦਿੱਲੀ ਹਵਾਈ ਅੱਡੇ 'ਤੇ 494 ਕਿਲੋਗ੍ਰਾਮ ਤਸਕਰੀ ਦਾ ਸੋਨਾ, ਮੁੰਬਈ 'ਚ 403 ਕਿਲੋਗ੍ਰਾਮ ਅਤੇ ਚੇਨਈ 'ਚ 392 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਸੀ। ਸਾਲ 2020-21 ਦੌਰਾਨ ਸੋਨੇ ਦੀ ਤਸਕਰੀ 'ਚ ਜਦੋਂ ਕਾਫੀ ਕਮੀ ਆਈ ਤਾਂ ਉਸ ਸਮੇਂ ਚੇਨਈ ਹਵਾਈ ਅੱਡੇ 'ਤੇ 150 ਕਿਲੋ, ਕੋਝੀਕੋਡ 'ਚ 146.9 ਕਿਲੋ, ਦਿੱਲੀ 'ਚ 88.4 ਕਿਲੋ ਅਤੇ ਮੁੰਬਈ 'ਚ 87 ਕਿਲੋ ਦੀ ਤਸਕਰੀ ਵਾਲੇ ਰੈਕੇਟ ਦਾ ਪਰਦਾਫਾਸ਼ ਹੋਇਆ ਸੀ।
ਮੁੰਬਈ 'ਚ ਅਕਤੂਬਰ-2022 ਤੋਂ 20 ਵਿਦੇਸ਼ੀ ਨਾਗਰਿਕ ਫੜੇ ਗਏ
ਮੁੰਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਅਕਤੂਬਰ 2022 ਤੋਂ ਸੋਨੇ ਦੀ ਤਸਕਰੀ ਦੇ ਮਾਮਲੇ 'ਚ 20 ਵਿਦੇਸ਼ੀ ਨਾਗਰਿਕ ਵੀ ਫੜੇ ਗਏ ਹਨ। ਇਸੇ ਸਾਲ 10 ਫਰਵਰੀ ਨੂੰ ਕਸਟ ਅਧਿਕਾਰੀਆਂ ਨੇ ਕਿਨੀਆ ਦੇ ਦੋ ਨਾਗਰਿਕਾਂ ਨੂੰ ਤਸਕਰੀ ਦੇ ਦੋਸ਼ 'ਚ ਫੜਿਆ। ਨਾਲ ਹੀ ਇਕ ਅੰਤਰਰਾਸ਼ਟਰੀ ਏਅਰਲਾਈਨ ਦੇ ਇਕ ਕਰੂ ਮੈਂਬਰ ਨੂੰ ਵੀ ਫੜਿਆ ਗਿਆ ਸੀ। ਇਨ੍ਹਾਂ ਨੂੰ 9 ਕਰੋੜ ਰੁਪਏ ਦੇ ਕਰੀਬ 18 ਕਿਲੋ ਸੋਨੇ ਦੀ ਤਸਕਰੀ 'ਚ ਮਦਦ ਲਈ ਫੜਿਆ ਗਿਆ ਸੀ।
ਇਸ ਸਾਲ ਮੁੰਬਈ 'ਚ ਸਭ ਤੋਂ ਵੱਡੀ ਖੇਪ 23 ਜਨਵਰੀ ਨੂੰ ਫੜੀ ਗਈ ਜਦੋਂ ਡੀ.ਆਰ.ਆਈ. ਨੇ ਕਰੀਬ 22 ਕੋਰੜ ਰੁਪਏ ਦੀ ਕੀਮਤ ਦਾ 37 ਕਿਲੋ ਸੋਨਾ ਫੜਿਆ। ਨਾਲ ਹੀ 2.3 ਕਰੋੜ ਕੈਸ਼ ਵੀ ਇਕ ਜ਼ੌਹਰੀ ਕੋਲੋਂ ਜ਼ਬਤ ਕੀਤਾ ਗਿਆ।
ਵਰਲਡ ਗੋਲਡ ਕਾਊਂਸਲ (ਡਬਲਯੂ.ਜੀ.ਸੀ.) ਦੇ ਅਨੁਸਾਰ ਕੋਵਿਡ ਤੋਂ ਪਹਿਲਾਂ ਦੇ ਸਮੇਂ ਦੇ ਮੁਕਾਬਲੇ ਭਾਰਤ 'ਚ 2022 'ਚ ਕੀਮਤੀ ਧਾਤੂ ਦੀ ਤਸਕਰੀ 33 ਫੀਸਦੀ ਵੱਧ ਕੇ 160 ਟਨ ਹੋ ਗਈ ਹੈ। ਇਸਦੇ ਪਿੱਛੇ ਇਕ ਕਾਰਨ ਆਯਾਤ ਸ਼ੁਲਕ ਦਾ 7.5 ਫੀਸਦੀ ਤੋਂ ਵੱਧ ਕੇ 12.5 ਫੀਸਦੀ ਹੋ ਜਾਣਾ ਵੀ ਜਾਣਕਾਰ ਦੱਸਦੇ ਹਨ। ਹੁਣ 3 ਫੀਸਦੀ ਵਾਧੂ ਜੀ.ਐੱਸ.ਟੀ. ਦੇ ਨਾਲ ਉਪਭੋਗਤਾ ਰਿਫਾਇੰਡ ਗੋਲਡ 'ਤੇ 18.45 ਫੀਸਦੀ ਟੈਕਸ ਦਾ ਭੁਗਤਾਨ ਕਰਦੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ 'ਚ ਸੋਨੇ ਦੀਆਂ ਕੀਮਤਾਂ ਦੇ 60,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰਨ ਦੇ ਨਾਲ ਸੋਨੇ ਦੀ ਤਸਕਰੀ ਨਾਲ ਲਾਭ ਵੀ 15 ਫੀਸਦੀ ਵੱਧ ਕੇ 20 ਫੀਸਦੀ ਹੋ ਗਿਆ ਹੈ।
ਦੱਸ ਦੇਈਏ ਕਿ ਭਾਰਤ ਹੁਣ ਪੁਰਸ਼ਾਂ ਨੂੰ 20 ਗ੍ਰਾਮ ਸੋਨਾ ਅਤੇ ਔਰਤਾਂ ਨੂੰ 40 ਗ੍ਰਾਮ ਕਾਨੂੰਨੀ ਰੂਪ ਨਾਲ ਸੋਨਾ ਲਿਜਾਉਣ ਦੀ ਮਨਜ਼ੂਰੀ ਦਿੰਦਾ ਹੈ। ਦਸੰਬਰ 2022 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਜਾਰੀ 'ਸਮਗਲਿੰਗ ਇੰਡੀਆ 2021-22' ਰਿਪੋਰਟ 'ਚ ਦੱਸਿਆ ਗਿਆ ਸੀ ਕਿ 2021-22 ' ਚ ਜ਼ਬਤ ਕੀਤੇ ਗਏ ਸਾਰੇ ਸੋਨਾ ਦਾ 37 ਫੀਸਦੀ ਮਿਆਂਮਾਰ ਤੋਂ ਅਤੇ 20 ਫੀਸਦੀ ਪੱਛਮੀ ਏਸ਼ੀਆ ਤੋਂ ਆਇਆ ਸੀ। ਤਸਕਰੀ ਦੇ ਕੁਲ ਫੜੇ ਗਏ ਸੋਨੇ ਦਾ ਕੁਲ 73 ਫੀਸਦੀ ਮਿਆਂਮਾਰ ਅਤੇ ਬੰਗਲਾਦੇਸ਼ ਦੇ ਰਸਤੇ ਤੋਂ ਲਿਆਇਆ ਗਿਆ ਸੀ। ਉੱਥੇ ਹੀ ਵਰਲਡ ਗੋਲਡ ਕਾਊਂਸਲ ਦੇ ਅਨੁਸਾਰ ਭਾਰਤ 'ਚ ਗੈਰ-ਕਾਨੂੰਨੀ ਰੂਪ ਨਾਲ ਆਉਣ ਵਾਲੇ ਸੋਨੇ ਦੀ ਜ਼ਬਤੀ ਦਰ ਸਿਰਫ਼ 2 ਫੀਸਦੀ ਹੈ।
ਪਰਮਵੀਰ ਅਤੇ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲੇ ਫੌਜੀਆਂ ਨੂੰ MP ਸਰਕਾਰ ਦਾ ਤੋਹਫ਼ਾ
NEXT STORY