ਨਵੀਂ ਦਿੱਲੀ– ਜੰਮੂ-ਕਸ਼ਮੀਰ ਵਿਚ ਕਈ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਮੁਸ਼ਤਾਕ ਅਹਿਮਦ ਜਰਗਰ ਨੂੰ ਕੇਂਦਰ ਸਰਕਾਰ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਸਾਲ 1999 ਵਿਚ ‘ਇੰਡੀਅਨ ਏਅਰਲਾਈਨਜ਼’ ਦੇ ਜਹਾਜ਼ ਆਈ. ਸੀ.-814 ਦੇ ਅਗਵਾ ਤੋਂ ਬਾਅਦ ਬੰਧਕਾਂ ਦੇ ਬਦਲੇ ਰਿਹਾਅ ਕੀਤੇ ਗਏ ਅੱਤਵਾਦੀਆਂ ਵਿਚ ਜਰਗਰ ਵੀ ਸ਼ਾਮਲ ਸਨ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ।
ਕੇਂਦਰ ਸਰਕਾਰ ਵਲੋਂ ਪਿਛਲੇ ਇਕ ਹਫਤੇ ਵਿਚ ਅੱਤਵਾਦੀ ਐਲਾਨ ਕੀਤਾ ਗਿਆ ਇਹ ਚੌਥਾ ਵਿਅਕਤੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ 52 ਸਾਲਾ ਜਰਗਰ ਉਰਫ ਲਤ੍ਰਾਮ ਸ਼੍ਰੀਨਗਰ ਦੇ ਨੌਹੱਟਾ ਤੋਂ ਹੈ ਅਤੇ ਅੱਤਵਾਦੀ ਸੰਗਠਨ ਅਲ-ਉਮਰ-ਮੁਜਾਹਿਦੀਨ ਦਾ ਸੰਸਥਾਪਕ ਅਤੇ ਮੁੱਖ ਕਮਾਂਡਰ ਹੈ। ਉਹ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਨਾਲ ਸੰਬੰਧਤ ਹੈ। ਜਰਗਰ ਅਜੇ ਪਾਕਿਸਤਾਨ ਵਿਚ ਹੈ। ਉਹ ਹਥਿਆਰ ਚਲਾਉਣ ਦੀ ਟਰੇਨਿੰਗ ਲੈਣ ਪਾਕਿਸਤਾਨ ਗਿਆ ਸੀ।
ਮੰਤਰਾਲਾ ਨੇ ਕਿਹਾ ਕਿ ਉਹ ਹੱਤਿਆ, ਹੱਤਿਆ ਦੇ ਯਤਨ, ਅਗਵਾ, ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ, ਉਨ੍ਹਾਂ ਨੂੰ ਅੰਜ਼ਾਮ ਦੇਣ ਤੇ ਅੱਤਵਾਦ ਦੇ ਵਿੱਤ ਪੋਸ਼ਣ ਸਮੇਤ ਵੱਖ-ਵੱਖ ਅੱਤਵਾਦੀ ਕਾਰਿਆਂ ਵਿਚ ਸ਼ਾਮਲ ਰਿਹਾ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅਲ-ਕਾਇਦਾ ਅਤੇ ਜੈਸ਼-ਏ-ਮੁਹੰਮਦ ਵਰਗੇ ਕੱਟੜਪੰਥੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਕਾਰਨ ਜਰਗਰ ਨਾ ਸਿਰਫ ਭਾਰਤ ਲਈ ਸਗੋਂ ਦੁਨੀਆ ਭਰ ਦੀ ਸ਼ਾਂਤੀ ਲਈ ਖਤਰਾ ਹੈ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਜਰਗਰ ਉਰਫ ਲਤ੍ਰਾਮ ਅੱਤਵਾਦ ਵਿਚ ਸ਼ਾਮਲ ਹੈ। ਸਰਕਾਰ ਵਲੋਂ ਅੱਤਵਾਦੀ ਐਲਾਨ ਕੀਤਾ ਗਿਆ ਇਹ 35ਵਾਂ ਸ਼ਖਸ ਹੈ।
10-15 ਸਾਲਾਂ ’ਚ ਸਾਕਾਰ ਹੋਵੇਗਾ ਅਖੰਡ ਭਾਰਤ ਦਾ ਸੁਪਨਾ : ਭਾਗਵਤ
NEXT STORY