ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਸਵੇਰੇ ਅਚਾਨਕ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਮੱਥਾ ਟੇਕਣ ਪੁੱਜੇ। ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਰਕਾਬਗੰਜ ਸਾਹਿਬ ’ਚ ਪਹੁੰਚ ਕੇ ਆਪਣਾ ਸਰਵਉੱਚ ਬਲੀਦਾਨ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਾਹਮਣੇ ਨਤਮਸਤਕ ਹੋਏ। ਅਧਿਕਾਰਤ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਅਤੇ ਉਨ੍ਹਾਂ ਦੇ ਗੁਰਦੁਆਰਾ ਰਕਾਬਗੰਜ ਪਹੁੰਚਣ ਦੌਰਾਨ ਨਾ ਤਾਂ ਕੋਈ ਪੁਲਸ ਬੰਦੋਬਸਤ ਕੀਤਾ ਗਿਆ ਅਤੇ ਨਾ ਹੀ ਆਵਾਜਾਈ ਰੋਕੀ ਗਈ।
ਪ੍ਰਧਾਨ ਮੰਤਰੀ ਸਵੇਰੇ-ਸਵੇਰੇ ਆਮ ਵਿਅਕਤੀ ਵਾਂਗ ਗੁਰਦੁਆਰਾ ਰਕਾਬਗੰਜ ਪਹੁੰਚੇ ਅਤੇ ਸੀਸ ਨਿਵਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਅਚਾਨਕ ਤੈਅ ਹੋਇਆ ਸੀ। ਇਸ ਲਈ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਕੋਈ ਖ਼ਾਸ ਪ੍ਰਬੰਧ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਬੈਰੀਕੇਡ ਲਾਏ ਗਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਰਕਾਬਗੰਜ ਦੇ ਦੌਰੇ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਵਿਚ ਸੰਦੇਸ਼ ਵੀ ਲਿਖਿਆ ਹੈ। ਦੱਸ ਦੇਈਏ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਰੀਰ ਦਾ ਗੁਰਦੁਆਰਾ ਰਕਾਬਗੰਜ ’ਚ ਅੰਤਿਮ ਸਸਕਾਰ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਅੱਜ ਸਵੇਰੇ ਮੈਨੂੰ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਮੱਥਾ ਟੇਕਣ ਦਾ ਸੁਭਾਗ ਮਿਲਿਆ, ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਸਰੀਰ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਦੁਨੀਆ ਭਰ ਦੇ ਲੱਖਾਂ ਲੋਕਾਂ ਵਾਂਗ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਵਿਚਾਰ ਅਤੇ ਜੀਵਨ ਮੈਨੂੰ ਹਮੇਸ਼ਾ ਪ੍ਰੇਰਿਤ ਕਰਦੇ ਹਨ। ਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਕਰਦੇ ਹੋਏ ਆਪਣਾ ਆਪ ਵਾਰ ਕੇ ਸਰਹ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਗੁਰੂ ਸਾਹਿਬ ਦੀ ਵਿਸ਼ੇਸ਼ ਕ੍ਰਿਪਾ ਹੈ ਕਿ ਸਾਡੀ ਸਰਕਾਰ ਦੇ ਕਾਰਜਕਾਲ ਵਿਚ ਅਸੀਂ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ।
ਦੱਸ ਦੇਈਏ ਇਕ ਮੁਗ਼ਲ ਸ਼ਾਸਕ ਔਰੰਗਜ਼ੇਬ ਨੇ 1675 ਈਸਵੀ ਵਿਚ ਦਿੱਲੀ ਦੇ ਚਾਂਦਨੀ ਚੌਕ ’ਚ ਗੁਰੂ ਤੇਗ਼ ਬਹਾਦਰ ਦਾ ਸਿਰ ਕਲਮ ਕਰਵਾ ਦਿੱਤਾ ਸੀ। ਦਿੱਲੀ ਦਾ ਗੁਰਦੁਆਰਾ ਰਕਾਬਗੰਜ ਉਹ ਹੀ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਦਾ ਰਕਾਬਗੰਜ ਗੁਰਦੁਆਰਾ ਸਾਹਿਬ ਦਾ ਇਹ ਦੌਰਾ, ਉਦੋਂ ਹੋਇਆ ਹੈ ਜਦੋਂ ਦਿੱਲੀ ਦੀਆਂ ਸਰਹੱਦਾਂ ’ਤੇ ਲੱਗਭਗ 25 ਦਿਨਾਂ ਤੋਂ ਪੰਜਾਬ ਦੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹੋਏ ਹਨ।
ਪ੍ਰਧਾਨ ਮੰਤਰੀ ਵੱਡਾ ਦਿਲ ਦਿਖਾਉਣ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ: ਗਹਿਲੋਤ
NEXT STORY